ਬ੍ਰਿਟਿਸ਼ ਕੋਲੰਬੀਆ, 21 ਮਾਰਚ (ਪੋਸਟ ਬਿਊਰੋ) : ਸ਼ੁੱਕਰਵਾਰ ਸ਼ਾਮ ਨੂੰ ਕੈਲੋਨਾ, ਬੀਸੀ ਵਿੱਚ ਇੱਕ ਇੰਟਰਨੈਸ਼ਨਲ ਸਿੱਖ ਵਿਦਿਆਰਥੀ ਨੂੰ ਕੁੱਝ ਲੋਕਾਂ ਦੇ ਗਰੁੱਪ ਵੱਲੋਂ ਬੁਰੀ ਤਰ੍ਹਾਂ ਕੱੁਟਿਆ ਮਾਰਿਆ ਗਿਆ। ਉਸ ਦੀ ਪੱਗ ਫਾੜ ਦਿੱਤੀ ਗਈ ਤੇ ਵਾਲਾਂ ਤੋਂ ਫੜ੍ਹ ਕੇ ਉਸ ਨੂੰ ਸਾਈਡਵਾਕ ਉੱਤੇ ਵੀ ਘਸੀਟਿਆ ਗਿਆ।
ਕਾਊਂਸਲਰ ਮੋਹਿਨੀ ਸਿੰਘ ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਆਖਿਆ ਕਿ ਇਸ ਤਰ੍ਹਾਂ ਦੀ ਘਟਨਾ ਦਿਲ ਦਹਿਲਾ ਦੇਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਹੀ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਸੀ ਤੇ ਉਹ 21 ਸਾਲਾਂ ਦੇ ਗਗਨਦੀਪ ਸਿੰਘ ਦਾ ਪਤਾ ਲੈਣ ਲਈ ਉਸ ਦੇ ਘਰ ਵੀ ਪਹੁੰਚੀ। ਗਗਨਦੀਪ ਭਾਰਤ ਤੋਂ ਹੈ ਪਰ ਉਹ ਕਾਊਂਸਲਰ ਨਾਲ ਸਬੰਧਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਗਗਨਦੀਪ ਤੋਂ ਬੋਲ ਵੀ ਨਹੀਂ ਸੀ ਹੋ ਰਿਹਾ ਤੇ ਨਾ ਹੀ ਉਹ ਆਪਣਾ ਮੂੰਹ ਖੋਲ੍ਹ ਪਾ ਰਿਹਾ ਸੀ। ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸੀ ਤੇ ਉਸ ਨੂੰ ਕਾਫੀ ਤਕਲੀਫ ਵੀ ਹੋ ਰਹੀ ਸੀ।
ਕਾਊਂਸਲਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਗਗਨਦੀਪ ਰਾਤੀਂ 10:30 ਵਜੇ ਗਰੌਸਰੀ ਸ਼ੌਪਿੰਗ ਤੋਂ ਬਾਅਦ ਘਰ ਪਰਤ ਰਿਹਾ ਸੀ ਜਦੋਂ ਬੱਸ ਵਿੱਚ ਉਸ ਦਾ ਟਾਕਰਾ 12 ਤੋਂ 15 ਲੋਕਾਂ ਦੇ ਗਰੁੱਪ ਨਾਲ ਹੋ ਗਿਆ। ਉਨ੍ਹਾਂ ਆਖਿਆ ਕਿ ਸੇਂਟ ਪੈਟ੍ਰਿਕ ਡੇਅ ਹੋਣ ਕਾਰਨ ਉਹ ਗਰੁੱਪ ਕਾਫੀ ਖਰੂਦ ਮਚਾ ਰਿਹਾ ਸੀ ਤੇ ਉਨ੍ਹਾਂ ਨੇ ਗਗਨਦੀਪ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ।ਫਿਰ ਉਨ੍ਹਾਂ ਨੇ ਉਸ ਉੱਤੇ ਵਿੱਗ ਵੀ ਸੁੱਟਿਆ। ਗਗਨਦੀਪ ਨੇ ਉਨ੍ਹਾਂ ਨੂੰ ਤੰਗ ਨਾ ਕਰਨ ਲਈ ਆਖਿਆ ਤੇ ਇਹ ਵੀ ਕਿਹਾ ਕਿ ਜੇ ਉਨ੍ਹਾਂ ਤੰਗ ਕਰਨਾ ਬੰਦ ਨਾ ਕੀਤਾ ਤਾਂ ਉਹ ਪੁਲਿਸ ਨੂੰ ਸੱਦੇਗਾ। ਪਰ ਉਸ ਨੂੰ ਗਰੁੱਪ ਵੱਲੋਂ ਤੰਗ ਕੀਤਾ ਜਾਂਦਾ ਰਿਹਾ।
ਫਿਰ ਹਾਈਵੇਅ 97 ਉੱਤੇ ਮੈਕਾਰਡੀ ਰੋਡ ਉੱਤੇ ਗਗਨਦੀਪ ਬੱਸ ਤੋਂ ਉਤਰ ਗਿਆ ਪਰ ਇਸ ਗਰੁੱਪ ਵੱਲੋਂ ਉਸ ਦਾ ਪਿੱਛਾ ਨਹੀਂ ਛੱਡਿਆ ਗਿਆ। ਫਿਰ ਊਨ੍ਹਾਂ ਨੇ ਬੱਸ ਜਾਣ ਤੋਂ ਬਾਅਦ ਉਸ ਨੂੰ ਘੇਰ ਲਿਆ ਤੇ ਉਸ ਨੂੰ ਮੂੰਹ, ਪਸਲੀਆਂ, ਬਾਹਾਂ ਤੇ ਲੱਤਾਂ ਉੱਤੇ ਘਸੁੰਨ ਮਾਰੇ, ਉਸ ਨੂੰ ਕੁੱਟਿਆ, ਫਿਰ ਉਸ ਦੀ ਪੱਗ ਨੂੰ ਹੱਥ ਪਾ ਲਿਆ, ਉਸ ਦੇ ਵਾਲਾਂ ਤੋਂ ਫੜ੍ਹ ਕੇ ਉਸ ਨੂੰ ਘਸੀਟਿਆ।ਅਖੀਰ ਜਾਂਦੇ ਹੋਏ ਉਹ ਉਸ ਦੀ ਪੱਗ ਟਰੌਫੀ ਵਜੋਂ ਆਪਣੇ ਨਾਲ ਲੈ ਗਏ ਤੇ ਉਸ ਨੂੰ ਗੰਦੀ ਬਰਫ ਵਿੱਚ ਸੜਕ ਦੇ ਕਿਨਾਰੇ ਛੱਡ ਗਏ।
ਜਦੋਂ ਗਗਨਦੀਪ ਨੂੰ ਹੋਸ਼ ਆਈ ਤਾਂ ਉਸ ਨੇ ਆਪਣੇ ਇੱਕ ਦੋਸਤ ਨੂੰ ਕਾਲ ਕੀਤੀ ਤੇ ਫਿਰ 911 ਨੂੰ ਸੱਦਿਆ।ਮੋਹਿਨੀ ਸਿੰਘ ਨੇ ਆਖਿਆ ਕਿ ਇਸ ਘਟਨਾ ਨਾਲ ਗਗਨਦੀਪ ਦੇ ਦੋਸਤ ਤੇ ਉਸ ਦੇ ਸਾਥੀ ਇੰਟਰਨੈਸ਼ਨਲ ਵਿਦਿਆਰਥੀ ਸਦਮੇ ਵਿੱਚ ਹਨ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਇੰਟਰਨੈਸ਼ਨਲ ਵਿਦਿਆਰਥੀ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਏ ਜਾਣ ਵਰਗੀ ਘਟਨਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।