ਸਸਕੈਚਵਨ, 5 ਸਤੰਬਰ (ਪੋਸਟ ਬਿਊਰੋ) : ਵਿਚੇਕਨ ਲੇਕ ਫਰਸਟ ਨੇਸ਼ਨ ਉੱਤੇ ਵਾਪਰੀ ਘਟਨਾ ਤੋਂ ਬਾਅਦ ਆਰਸੀਐਮਪੀ ਵੱਲੋਂ ਦੋ ਵਿਅਕਤੀਆਂ ਲਈ ਐਲਰਟ ਜਾਰੀ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇਹ ਦੋਵੇਂ ਮਸ਼ਕੂਕ ਖਤਰਨਾਕ ਹੋ ਸਕਦੇ ਹਨ।
ਆਰਸੀਐਮਪੀ ਵੱਲੋਂ ਜਾਰੀ ਕੀਤੀ ਗਈ ਨਿਊਜ਼ ਰਲੀਜ਼ ਵਿੱਚ ਆਖਿਆ ਗਿਆ ਹੈ ਕਿ ਵਿਚੇਕਨ ਲੇਕ ਫਰਸਟ ਨੇਸ਼ਨ ਵਿੱਚ ਚਲਾਈਆਂ ਗਈਆਂ ਗੋਲੀਆਂ ਦੇ ਮਾਮਲੇ ਦੀ ਸਪਿਰਿਟਵੁੱਡ ਆਰਸੀਐਮਪੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਆਖਿਆ ਕਿ ਇਸ ਸਮੇਂ ਇਹ ਘਟਨਾ ਜੇਮਜ਼ ਸਮਿੱਥ ਕ੍ਰੀ ਨੇਸ਼ਨ ਨਾਲ ਸਬੰਧਤ ਨਹੀਂ ਲੱਗਦੀ।ਵਿਚੇਕਨ ਲੇਕ, ਸਸਕਾਟੂਨ ਤੋਂ 200 ਕਿਲੋਮੀਟਰ ਉੱਤਰ ਪੱਛਮ ਵੱਲ ਸਥਿਤ ਹੈ।
ਸ਼ਾਮੀਂ 5:30 ਵਜੇ ਭੇਜੇ ਗਏ ਐਲਰਟ ਵਿੱਚ ਆਰਸੀਐਮਪੀ ਨੇ ਆਖਿਆ ਕਿ ਮਸ਼ਕੂਕਾਂ ਦੀ ਪਛਾਣ 22 ਸਾਲਾ ਕੈਲੀ ਵਿਚੇਕਨ ਤੇ 33 ਸਾਲਾ ਮੈਲਵਿਨ ਸਟਾਰਬਲੈਂਕੇਟ ਵਜੋਂ ਕੀਤੀ ਗਈ ਹੈ।ਪੁਲਿਸ ਅਨੁਸਾਰ ਵਿਚੇਕਨ ਦੇ ਵਾਲਾਂ ਤੇ ਅੱਖਾਂ ਦਾ ਰੰਗ ਭੂਰਾ ਹੈ ਤੇ ਉਹ 5 ਫੁੱਟ 9 ਇੰਚ ਦਾ ਹੈ, ਉਸ ਦਾ ਵਜ਼ਨ ਲੱਗਭਗ 140 ਪਾਊਂਡ ਹੋ ਸਕਦਾ ਹੈ। ਸਟਾਰਬਲੈਂਕੇਟ ਦੇ ਵਾਲਾਂ ਦਾ ਰੰਗ ਕਾਲਾ, ਅੱਖਾਂ ਭੂਰੀਆਂ, ਕੱਦ 5 ਫੁੱਟ 9 ਇੰਚ ਤੇ ਵਜ਼ਨ 160 ਪਾਊਂਡ ਦੱਸਿਆ ਗਿਆ ਹੈ।
ਆਰਸੀਐਮਪੀ ਨੇ ਆਖਿਆ ਕਿ ਉਹ 2000ਵਿਆਂ ਦੇ ਮੱਧ ਦੀ ਗੂੜ੍ਹੇ ਲਾਲ ਰੰਗ ਦੀ ਮਸਟੈਂਗ ਵਿੱਚ ਸਫਰ ਕਰ ਰਹੇ ਹੋ ਸਕਦੇ ਹਨ। ਬਾਅਦ ਵਿੱਚ ਆਰਸੀਐਮਪੀ ਨੇ ਆਖਿਆ ਕਿ ਗੱਡੀ ਉਨ੍ਹਾਂ ਨੂੰ ਮਿਲ ਚੁੱਕੀ ਹੈ ਤੇ ਹੁਣ ਇਨ੍ਹਾਂ ਦੋਵਾਂ ਵਿਅਕਤੀਆਂ ਦੀ ਭਾਲ ਵਿਚੇਕਨ ਏਰੀਆ ਵਿੱਚ ਕੀਤੀ ਜਾ ਰਹੀ ਹੈ।