Welcome to Canadian Punjabi Post
Follow us on

31

January 2023
ਬ੍ਰੈਕਿੰਗ ਖ਼ਬਰਾਂ :
ਚੀਨ ਖਿਲਾਫ AUKUS ਸਮਝੌਤੇ 'ਚ ਭਾਰਤ ਨੂੰ ਸ਼ਾਮਲ ਕਰਨਾ ਚਾਹੁੰਦਾ ਹੈ ਬ੍ਰਿਟੇਨਯੂਕਰੇਨ-ਰੂਸ ਤੋਂ ਬਾਅਦ ਹੁਣ ਏਸ਼ੀਆ 'ਚ ਹੋ ਸਕਦੀ ਹੈ ਤਾਈਵਾਨ-ਚੀਨ ਜੰਗ!ਪੇਸ਼ਾਵਰ ਮਸਜਿਦ ਆਤਮਘਾਤੀ ਹਮਲੇ ਵਿਚ ਮੌਤਾਂ ਦੀ ਗਿਣਤੀ 95 ਹੋਈਅੰਤਰ-ਰਾਜੀ ਫਾਰਮਾ ਡਰੱਗ ਕਾਰਟੇਲ ਦਾ ਪਰਦਾਫਾਸ਼: ਦੋ ਜੇਲ੍ਹ ਕੈਦੀਆਂ ਸਮੇਤ ਚਾਰ ਵਿਅਕਤੀ 5.31 ਲੱਖ ਫਾਰਮਾ ਓਪੀਓਡਜ਼ ਨਾਲ ਗਿਫ਼ਤਾਰਮੀਤ ਹੇਅਰ ਨੇ ਕਿਹਾ: ਸੂਬੇ ਵਿਚ ਆਮ ਲੋਕਾਂ ਲਈ ਰੇਤੇ ਦੀਆਂ ਖੱਡਾਂ ਜਲਦ ਸ਼ੁਰੂ ਹੋਣਗੀਆਂਸੂਬੇ ਦੇ 1294 ਸਕੂਲਾਂ ਵਿੱਚ 1741ਨਵੇਂ ਕਲਾਸ-ਰੂਮ ਬਣਾਉਣ ਲਈ 130.75 ਕਰੋੜ ਰੁਪਏ ਦੀ ਰਕਮ ਮਨਜ਼ੂਰ : ਬੈਂਸਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ: ਬਜਟ ਸੈਸ਼ਨ ਦੌਰਾਨ ਪੰਜਾਬ ਨਾਲ ਸੰਬੰਧਿਤ ਸਾਰੇ ਮੁੱਦੇ ਸਦਨ ਵਿਚ ਚੁੱਕੇ ਜਾਣਗੇਪਾਕਿਸਤਾਨ ਦੀ ਮਾਸਜਿਦ ਵਿਚ ਹੋਇਆ ਫਿਦਾਈਨ ਹਮਲਾ, 61 ਦੀ ਮੌਤ
 
ਨਜਰਰੀਆ

ਖੂਨ ਦੇ ਰਿਸ਼ਤੇ ਤਾਂ ਕੱਚੇ ਹੁੰਦੇ ਨੇ

August 22, 2022 01:41 PM

-ਅਮਰਜੀਤ ਸਿੰਘ ਹੇਅਰ
ਕਿਸੇ ਵੇਲੇ ਕਿਹਾ ਜਾਂਦਾ ਸੀ ਕਿ ਖੂਨ ਦੇ ਰਿਸ਼ਤੇ ਕਦੇ ਟੁੱਟਦੇ ਨਹੀਂ। ਇਹ ਬੜੇ ਪੱਕੇ ਹੁੰਦੇ ਹਨ, ਪਰ ਅੱਜ ਜਦ ਮੈਂ ਆਲੇ ਦੁਆਲੇ ਝਾਤੀ ਮਾਰਦਾ ਹਾਂ ਤਾਂ ਦੇਖਦਾ ਹਾਂ ਕਿ ਇਹ ਤਾਂ ਕੱਚ ਤੋਂ ਵੀ ਕੱਚੇ ਹੁੰਦੇ ਹਨ। ਇਨ੍ਹਾਂ ਵਿੱਚ ਤਰੇੜਾਂ ਹੀ ਨਹੀਂ ਪੈਂਦੀਆਂ, ਇਹ ਤੜੱਕ ਕਰ ਕੇ ਟੁੱਟਦੇ ਤੇ ਕੀਚਰ-ਕੀਚਰ ਹੋ ਜਾਂਦੇ ਹਨ। ਕਿਸੇ ਵੇਲੇ ਪੰਜਾਬੀ ਭਾਈਚਾਰੇ ਵਿੱਚ ਭਰਾਵਾਂ ਵਿੱਚ ਬਹੁਤ ਪਿਆਰ ਹੁੰਦਾ ਸੀ। ਵਾਰਿਸ਼ ਸ਼ਾਹ ਆਪਣੇ ਹੀਰ ਦੇ ਕਿੱਸੇ ਵਿੱਚ ਲਿਖਦਾ ਹੈ, ‘‘ਭਾਈਆਂ ਬਾਝ ਨਾ ਮਜਲਸਾਂ ਸੋਂਹਦੀਆਂ ਨੇ ਤੇ ਭਾਈਆਂ ਬਾਝ ਬਹਾਰ ਨਾਹੀਂ। ਭਾਈ ਮਰਨ ਤਾਂ ਪੈਂਦੀਆਂ ਭਜ ਬਾਹੀਂ, ਬਿਨਾਂ ਭਾਈਆਂ ਪਰ ਹੈ ਪਰਵਾਜ਼ ਨਾਹੀਂ।” ਪੀਲੂ ਮਿਰਜ਼ੇ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਹੀ ਨਹੀਂ ਕਰਦਾ, ਉਸ ਨੂੰ ਦੁੱਖ ਹੈ ਕਿ ਸਾਹਿਬਾਂ ਦੇ ਭਰਾਵਾਂ ਨੇ ਰਲ ਕੇ ਉਸ ਨੂੰ ਮਾਰਿਆ, ‘‘ਮਿਰਜ਼ਾ ਬਾਝ ਭਰਾਵਾਂ ਦੇ ਮਰਿਆ ਕੋਈ ਨਾ ਉਸ ਦੇ ਸੰਗ।” ਅੱਜ ਮੈਂ ਇਹ ਦੇਖਦਾ ਹਾਂ ਕਿ ਜਾਇਦਾਦ ਪਿੱਛੇ ਭਾਈ-ਭਾਈ ਦਾ ਸਿਰ ਵੱਢ ਦਿੰਦਾ ਹੈ। ਉਸ ਨੂੰ ਭਾਈ ਤੋਂ ਜਾਇਦਾਦ ਜ਼ਿਆਦਾ ਪਿਆਰੀ ਹੈ। ਇਹ ਸਭ ਕੁਝ ਦੇਖ ਕੇ ਮੇਰਾ ਖੂਨ ਦੇ ਰਿਸ਼ਤਿਆਂ ਤੋਂ ਯਕੀਨ ਉਠ ਗਿਆ ਹੈ।
ਇਸ ਦੇ ਉਲਟ ਆਪ ਬਣਾਏ ਹੋਏ ਦਿਲਾਂ ਦੇ ਰਿਸ਼ਤਿਆਂ ਵਿੱਚ ਸਿਰਫ ਅਥਾਹ ਪਿਆਰ ਹੀ ਨਹੀਂ ਹੁੰਦਾ ਸਗੋਂ ਇਹ ਚੱਲਦੇ ਹਨ। ਕਈ ਵਾਰੀ ਇੱਕ ਧਿਰ ਦੀ ਮੌਤ ਪਿੱਛੋਂ ਵੀ ਭੁੱਲਦੇ ਨਹੀਂ। ਕਿਸੇ ਵੇਲੇ ਸਾਡੇ ਸਭਿਆਚਾਰ ਵਿੱਚ ਪੱਗ ਵੱਟ ਭਾਈ ਅਤੇ ਰੱਖੜੀ ਬੰਨ੍ਹ ਭੈਣ ਦੀ ਪਰੰਪਰਾ ਸੀ। ਇਹ ਰਿਸ਼ਤੇ ਆਪ ਬਣਾਏ ਜਾਂਦੇ ਸਨ। ਮੈਂ ਜਦ ਆਪਣੀ ਜ਼ਿੰਦਗੀ ਉੱਤੇ ਝਾਤ ਮਾਰਦਾ ਹਾਂ ਤਾਂ ਮੈਂ ਅਜਿਹੇ ਦੋ ਰਿਸ਼ਤੇ ਬਣਾਏ, ਜਿਨ੍ਹਾਂ ਨੇ ਮੇਰੀ ਰੂਹ ਖੁਸ਼ ਕਰ ਦਿੱਤੀ।
1947 ਵਿੱਚ ਮੈਂ ਅੱਠਵੀਂ ਵਿੱਚ ਮਿਡਲ ਸਕੂਲ ਮਲ੍ਹੇ ਵਿੱਚ ਪੜ੍ਹਦਾ ਸੀ। ਫਰਵਰੀ 1947 ਵਿੱਚ ਸਾਡੇ ਵਰਨੈਕੂਲਰ ਫਾਈਨਲ ਦੇ ਇਮਤਿਹਾਨ ਲਈ ਅਸੀਂ ਜਗਰਾਓਂ ਗਏ। ਸਾਡੇ ਨਾਲ ਸਾਡੇ ਕਲਾਸ ਇੰਚਾਰਜ ਮਾਸਟਰ ਜ਼ਫਰ ਹੁਸੈਨ ਗਏ। ਅਸੀਂ 23 ਵਿਦਿਆਰਥੀ ਸਾਂ ਅਤੇ ਸਾਡਾ ਸ਼ਹਿਰ ਵਿੱਚ ਰਹਿਣ ਦਾ ਪਹਿਲਾ ਮੌਕਾ ਸੀ। ਅਸੀਂ ਘਰਦਿਆਂ ਤੋਂ ਵੱਧ ਤੋਂ ਵੱਧ ਪੈਸੇ ਲੈ ਕੇ ਗਏ। ਮਾਸਟਰ ਨੇ ਪਹਿਲੇ ਦਿਨ ਹੀ ਸਾਨੂੰ ਕੁਰਾਨ, ਗੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਵਾਈ ਅਤੇ ਕਿਹਾ, ‘‘ਜਿਹੜੇ ਪੈਸੇ ਥੋਡੇ ਕੋਲ ਹਨ, ਮੇਰੇ ਪਾਸ ਜਮ੍ਹਾਂ ਕਰਵਾ ਦਿਓ। ਮੈਂ ਚਾਹੁੰਦਾ ਹਾਂ ਕਿ ਤੁਸੀਂ ਪੂਰੀ ਲਗਨ ਨਾਲ ਇਮਤਿਹਾਨ ਦੇਵੋ। ਏਧਰ-ਓਧਰ ਬਾਜ਼ਾਰ ਵਿੱਚ ਨਾ ਘੁੰਮਦੇ ਫਿਰੋ।” ਸਾਡੇ ਮੁੰਡਿਆਂ ਨੇ ਇਮਾਨਦਾਰੀ ਨਾਲ ਪੈਸੇ ਮਾਸਟਰ ਜੀ ਨੂੰ ਫੜਾ ਦਿੱਤੇ, ਇਸ ਉਮੀਦ ਵਿੱਚ ਕਿ ਇਮਤਿਹਾਨ ਪਿੱਛੋਂ ਸਾਨੂੰ ਮੋੜ ਦੇਊਗਾ।
ਮੇਰਾ ਜਮਾਤੀ ਤੇ ਆੜੀ ਅਬਦੁੱਲਾ ਸੀ। ਉਸ ਨੇ ਮੈਨੂੰ ਦੱਸਿਆ ਕਿ ਉਸ ਨੇ ਕੁਰਾਨ ਦੀ ਕਸਮ ਖਾਧੀ ਹੀ ਨਹੀਂ ਤੇ ਦੋ ਰੁਪਏ ਆਪਣੇ ਕੋਲ ਰੱਖ ਲਏ। ਦੁਪਹਿਰ ਪਿੱਛੋਂ ਮੈਂ ਤੇ ਅਬਦੁੱਲਾ ਸ਼ਹਿਰ ਵਿੱਚ ਜਾ ਵੜੇ। ਅਸੀਂ ਜਲੇਬੀਆਂ ਖਾਧੀਆਂ, ਪਤੌੜ ਖਾਧੇ, ਪੱਗਾਂ ਨੂੰ ਮਾਵਾ ਦਿਵਾਇਆ, ਰੰਗ ਕਰਵਾਇਆ ਤੇ ਪੱਗਾਂ ਬੰਨ੍ਹ ਲਈਆਂ। ਆਥਣੇ ਜਦ ਮਾਸਟਰ ਦੀ ਹਾਜ਼ਰੀ ਵਿੱਚ ਅਸੀਂ ਪੜ੍ਹਨ ਬੈਠੇ ਤਾਂ ਮਾਸਟਰ ਨੇ ਮੇਰੇ ਵੱਲ ਦੇਖ ਕੇ ਕਿਹਾ, ‘‘ਓਏ ਤੇਰੇ ਸਵੇਰੇ ਹੋਰ ਰੰਗ ਦੀ ਪੱਗ ਸੀ, ਇਸ ਦਾ ਰੰਗ ਕਿਵੇਂ ਬਦਲ ਗਿਆ?” ਮੈਂ ਕਿਹਾ, ‘‘ਮਾਸਟਰ ਜੀ, ਮੈਂ ਅਬਦੁੱਲੇ ਨਾਲ ਵਟਾ ਲਈ।” ਮਾਸਟਰ ਨੂੰ ਮੇਰੇ ਨਾਲ ਵੈਸੇ ਹੀ ਖੁੰਦਕ ਸੀ। ਉਸ ਨੇ ਮੇਰੀ ਛਤਰੌਲ ਕੀਤੀ। ਉਸ ਸਾਲ ਅਗਸਤ ਵਿੱਚ ਪਾਕਿਸਤਾਨ ਬਣ ਗਿਆ। ਮੁਸਲਮਾਨ ਓਥੇ ਚਲੇ ਗਏ। ਮੈਂ ਅਬਦੁੱਲੇ ਨੂੰ ਕਦੇ ਨਹੀਂ ਭੁੱਲਿਆ। ਦੋ ਦੇਸ਼ਾਂ ਦੀ ਦੁਸ਼ਮਣੀ ਤੇ ਦੋ ਮਾਸੂਮਾਂ ਦੀ ਬੇਲਾਗ ਦੋਸਤੀ ਵੀ ਬਲੀ ਚੜ੍ਹ ਗਈ। ਮੇਰੀ ਬੇਟੀ ਜ਼ੋਇਆ ਅਮਰੀਕਾ ਦੇ ਸ਼ਹਿਰ ਹਿਊਸਟਨ ਵਿੱਚ ਰਹਿੰਦੀ ਹੈ। ਮੈਂ 1992 ਵਿੱਚ ਉਸ ਨੂੰ ਮਿਲਣ ਉਥੇ ਗਿਆ। ਉਹ ਸ਼ਿਅਰੋ-ਸ਼ਾਇਰੀ ਦੀ ਸ਼ੌਕੀਨ ਹੈ। 14 ਅਗਸਤ ਨੂੰ ਪਕਿਸਤਾਨ ਦੀ ਗੋਲਡਨ ਜੁਬਲੀ ਦੀ ਖੁਸ਼ੀ ਵਿੱਚ ਹਿੰਦ-ਪਾਕਿ ਮੁਸ਼ਾਇਰਾ ਸੀ। ਮੈਨੂੰ ਵੀ ਨਾਲ ਲੈ ਗਈ। ਮੁਸ਼ਾਇਰਾ ਖਤਮ ਹੋਣ ਉੱਤੇ ਇੱਕ ਬੀਬੀ ਮੈਨੂੰ ਆਖਣ ਲੱਗੀ, ‘‘ਭਰਾ ਜੀ, ਕਿੱਥੋਂ ਆਏ ਹੋ?” ਮੈਂ ਜਵਾਬ ਦਿੱਤਾ, ‘‘ਲੁਧਿਆਣੇ ਤੋਂ।” ਉਹ ਕਹਿਣ ਲੱਗੀ, ‘‘ਮੈਂ 1944 ਵਿੱਚ ਲੁਧਿਆਣੇ ਜੰਮੀ ਸੀ।” ਉਸ ਨੇ ਮੇਰੀ ਬੇਟੀ ਤੋਂ ਉਸ ਦਾ ਨੰਬਰ ਲੈ ਲਿਆ ਅਤੇ ਰੱਖੜੀ ਉੱਤੇ ਉਹ ਰੱਖੜੀ ਲੈ ਕੇ ਸਾਡੇ ਕੋਲ ਆ ਗਈ। ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਮੁਸਲਮਾਨ ਹੋ, ਤੁਹਾਨੂੰ ਰੱਖੜੀ ਬਾਰੇ ਕਿਵੇਂ ਪਤਾ ਲੱਗਾ ਤਾਂ ਉਸ ਨੇ ਕਿਹਾ ਕਿ ਇੱਕ ਭਾਰਤੀ ਸਟੋਰ ਉੱਤੇ ਹਿੰਦੂ ਔਰਤਾਂ ਨੂੰ ਰੱਖੜੀਆਂ ਖਰੀਦਦੇ ਦੇਖਿਆ ਤਾਂ ਮੈਂ ਵੀ ਤੁਹਾਡੇ ਲਈ ਰੱਖੜੀ ਖਰੀਦ ਲਈ।
ਅਗਲੇ ਸਾਲ ਉਹ ਲੁਧਿਆਣੇ ਆਈ ਤੇ ਸਾਡੇ ਨਾਲ ਇੱਕ ਹਫਤਾ ਰਹੀ। ਚੰਡੀਗੜ੍ਹ ਗਈ ਤਾਂ ਸਾਡੇ ਪਿੰਡ ਵੀ ਗਈ। ਵੱਡੀ ਗੱਲ ਇਹ ਕਿ ਅਸੀਂ ਉਸ ਦਾ ਘਰ ਵੀ ਲੱਭ ਲਿਆ। ਉਸ ਵਿੱਚ ਲਹਿੰਦੇ ਪੰਜਾਬ ਤੋਂ ਆਇਆ ਹੋਇਆ ਇੱਕ ਸਿੱਖ ਪਰਵਾਰ ਰਹਿ ਰਿਹਾ ਸੀ। ਮੇਰਾ ਪੁੱਤ ਇੱਕ ਵੱਡਾ ਅਫਸਰ ਹੈ ਤੇ ਉਸ ਨੇ ਆਪਣੇ ਰਸੂਖ ਨਾਲ ਉਸ ਦਾ ਕਾਰਪੋਰੇਸ਼ਨ ਦੇ ਰਿਕਾਰਡ ਤੋਂ ਜਨਮ ਸਰਟੀਫਿਕੇਟ ਕਢਵਾ ਲਿਆ ਜਿਸ ਵਿੱਚ ਉਸ ਦਾ ਨਾਂਅ ਸ਼ਮੀਮ ਅਖਤਰ ਲਿਖਿਆ ਹੋਇਆ ਹੈ ਅਤੇ ਜਨਮ ਤਰੀਕ 23 ਮਾਰਚ 1944 ਦਰਜ ਹੈ। ਪਾਕਿਸਤਾਨ ਜਾਣ ਤੋਂ ਪਹਿਲਾਂ ਉਹ ਸਾਡੇ ਨਾਲ ਦਰਬਾਰ ਸਾਹਿਬ ਵੀ ਗਈ। ਸੰਨ 2008 ਵਿੱਚ ਚੰਗੇ ਭਾਗੀਂ ਮੈਨੂੰ ਪਾਕਿਸਤਾਨ ਦਾ ਵੀਜ਼ਾ ਮਿਲ ਗਿਆ।
ਮੇਰੀ ਇੱਛਾ ਕਸੂਰ ਵਿੱਚ ਬਾਬਾ ਬੁੱਲ੍ਹੇ ਸ਼ਾਹ ਦੇ ਮਜ਼ਾਰ ਦੀ ਜ਼ਿਆਰਤ ਕਰਨ ਦੀ ਸੀ। ਇਤਫਾਕਨ ਸ਼ਮੀਮ ਵੀ ਪਾਕਿਸਤਾਨ ਆਈ ਹੋਈ ਸੀ। ਉਸ ਦਾ ਪਰਵਾਰ ਗੁਜਰਾਤ ਰਹਿੰਦਾ ਹੈ, ਪਰ ਉਹ ਲਾਹੌਰ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਆਈ ਸੀ। ਸਾਨੂੰ ਕਾਫੀ ਵਕਤ ਇਕੱਠੇ ਰਹਿਣ ਨੂੰ ਮਿਲ ਗਿਆ। ਲਾਹੌਰ ਸ਼ਹਿਰ ਦੀ ਆਪਣੀ ਵਿਲੱਖਣ ਪਛਾਣ ਹੈ। ਸ਼ਮੀਮ ਨੂੰ ਉਥੇ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਕੁਝ ਕਿਤਾਬਾਂ ਖਰੀਦੀਆਂ ਜੋ ਸ਼ਾਹਮੁਖੀ ਵਿੱਚ ਸਨ। ਸ਼ਮੀਮ ਨੇ ਮੈਨੂੰ ਪੈਸੇ ਨਹੀਂ ਦੇਣ ਦਿੱਤੇ। ਅਸੀਂ ਚੰਗੇ ਰੈਸਟੋਰੈਂਟ ਵਿੱਚ ਖਾਣਾ ਖਾਧਾ। ਉਸ ਨੇ ਮੈਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਿਲਵਾਇਆ ਅਤੇ ਕਿਹਾ ਕਿ ਇਹ ਮੇਰਾ ਵੱਡਾ ਵੀਰ ਹੈ। ਉਨ੍ਹਾਂ ਨੂੰ ਹੈਰਾਨੀ ਹੋਈ ਕਿ ਸ਼ਮੀਮ ਦਾ ਭਰਾ ਸਿੱਖ ਹੈ। ਇਨ੍ਹਾਂ ਰਿਸ਼ਤਿਆਂ ਉੱਤੇ ਜਾਤ-ਪਾਤ ਜਾਂ ਕੌਮੀਅਤ ਦਾ ਕੋਈ ਮਾਅਨਾ ਨਹੀਂ ਹੁੰਦਾ, ਰੂਹਾਨੀ ਸਕੂਨ ਮਿਲਦਾ ਹੈ। ਇਸ ਸਾਲ ਵੀ ਸ਼ਮੀਮ ਨੇ ਮੈਨੂੰ ਰੱਖੜੀ ਭੇਜੀ, ਜਿਸ ਵਿੱਚੋਂ ਪਿਆਰ ਡੁੱਲ੍ਹ ਡੁੱਲ੍ਹ ਪੈਂਦਾ ਸੀ। ਉਹ ਮੈਨੂੰ ਹਮੇਸ਼ਾ ਮੇਰੇ ਜਨਮ ਦਿਨ ਉੱਤੇ ਪਿਆਰ ਭਰਿਆ ਸੁਨੇਹਾ ਭੇਜਦੀ ਹੈ। ਹਰ ਮਹੀਨੇ ਘੱਟੋ-ਘੱਟ ਇੱਕ ਵਾਰੀ ਜ਼ਰੂਰ ਟੈਲੀਫੋਨ ਕਰ ਕੇ ਹਾਲ ਪੁੱਛਦੀ ਹੈ। ਇਸ ਸਾਲ ਮੈਂ ਗੰਭੀਰ ਮਰਜ਼ ਦੀ ਮਰੀਜ਼ ਬਣ ਗਿਆ। ਮੇਰੀ ਚੰਗੀ ਸਿਹਤ ਲਈ ਉਸ ਨੇ ਰੱਬ ਤੋਂ ਬਹੁਤ ਦੁਆਵਾਂ ਮੰਗੀਆਂ। ਮੈਨੂੰ ਭਰੋਸਾ ਹੈ ਕਿ ਇਨ੍ਹਾਂ ਦੁਆਵਾਂ ਸਦਕਾ ਮੇਰੀ ਸਿਹਤ ਠੀਕ ਹੋ ਗਈ। ਉਸ ਦੀ ਮੈਨੂੰ ਮਿਲਣ ਦੀ ਤੀਬਰ ਇੱਛਾ ਹੈ।
ਬੜੇ ਅਫਸੋਸ ਦੀ ਗੱਲ ਹੈ ਕਿ ਭਾਰਤ ਸਰਕਾਰ ਵੱਲੋਂ ਉਸ ਨੂੰ ਵੀਜ਼ਾ ਨਹੀਂ ਮਿਲ ਰਿਹਾ। ਉਸ ਨੇ ਵਾਸਤਾ ਪਾਇਆ ਕਿ ਉਹ ਅਣਵੰਡੇ ਹਿੰਦੁਸਤਾਨ ਵਿੱਚ ਲੁਧਿਆਣੇ ਦੀ ਜੰਮੀ ਹੈ ਅਤੇ ਆਪਣੇ ਭਰਾ ਨੂੰ ਮਿਲਣਾ ਚਾਹੁੰਦੀ ਅਤੇ ਆਪਣੇ ਵੱਡੇ-ਵੱਡਿਆਂ ਦੀਆਂ ਕਬਰਾਂ ਉੱਤੇ ਫਾਤਿਹਾ ਪੜ੍ਹਨਾ ਚਾਹੁੰਦੀ ਹੈ। ਅਫਸੋਸ! ਹਕੂਮਤਾਂ ਵਿਅਕਤੀਆਂ ਦੇ ਜਜ਼ਬਿਆਂ ਦਾ ਖਿਆਲ ਨਹੀਂ ਕਰਦੀਆਂ। ਮੇਰੇ ਕੋਈ ਸਕੀ ਭੈਣ ਨਹੀਂ ਸੀ ਅਤੇ ਉਸ ਦਾ ਕੋਈ ਭਰਾ ਨਹੀਂ ਸੀ। ਮੈਂ ਆਪਣੇ ਤਜਰਬੇ ਤੋਂ ਕਹਿ ਸਕਦਾ ਹਾਂ ਕਿ ਆਪ ਬਣਾਏ ਰਿਸ਼ਤੇ ਪੱਕੇ ਹੁੰਦੇ ਹਨ, ਪਰ ਖੂਨ ਦੇ ਰਿਸ਼ਤੇ ਕੱਚੇ ਹੁੰਦੇ ਹਨ।

 
Have something to say? Post your comment