ਓਟਵਾ, 19 ਅਗਸਤ (ਪੋਸਟ ਬਿਊਰੋ) : ਹੁਣ ਤੋਂ ਕੈਨੇਡਾ ਵਿੱਚ ਨਾ ਹੀ ਕੋਈ ਵਿਅਕਤੀ ਤੇ ਨਾ ਹੀ ਕਾਰੋਬਾਰ ਪਾਬੰਦੀਸ਼ੁਦਾ ਹੈਂਡਗੰਨਜ਼ ਇੰਪੋਰਟ ਕਰ ਸਕਣਗੇ। ਇਹ ਨਿਯਮ ਅੱਜ ਤੋਂ ਲਾਗੂ ਹੋਵੇਗਾ।
ਇਸ ਮਹੀਨੇ ਦੇ ਸ਼ੁਰੂ ਵਿੱਚ ਇਸ ਸਬੰਧ ਵਿੱਚ ਐਲਾਨ ਕੀਤਾ ਗਿਆ ਸੀ। ਇਸ ਫੈਸਲੇ ਦਾ ਮੁੱਖ ਮਕਸਦ ਕੈਨੇਡਾ ਵਿੱਚ ਹੈਂਡਗੰਨਜ਼ ਦੀ ਗਿਣਤੀ ਨੂੰ ਠੱਲ੍ਹ ਪਾਉਣਾ ਹੈ।ਮਈ ਦੇ ਮਹੀਨੇ ਲਿਬਰਲ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਹਥਿਆਰਾਂ ਨਾਲ ਸਬੰਧਤ ਹਿੰਸਾ ਉੱਤੇ ਨੂੰ ਨੱਥ ਪਾਉਣ ਲਈ ਹੈਂਡਗੰਨਜ਼ ਦੇ ਇੰਪੋਰਟ, ਖਰੀਦਣ, ਵੇਚਣ ਤੇ ਜਾਂ ਟਰਾਂਸਫਰ ਕਰਨ ਉੱਤੇ ਰੋਕ ਲਾਈ ਜਾਵੇਗੀ। ਇਹ ਮਾਪਦੰਡ ਹਥਿਆਰਾਂ ਨੂੰ ਨਿਯੰਤਰਿਤ ਕਰਨ ਲਈ ਵੱਡੇ ਪੈਕੇਜ ਦਾ ਹਿੱਸਾ ਹਨ।
ਇਸ ਪੈਕੇਜ ਤਹਿਤ ਘਰੇਲੂ ਹਿੰਸਾ ਨੂੰ ਅੰਜਾਮ ਦੇਣ ਵਾਲਿਆਂ ਜਾਂ ਮੁਜਰਮਾਨਾਂ ਮਾਮਲਿਆਂ ਵਿੱਚ ਰੁੱਝੇ, ਜਿਵੇਂ ਕਿ ਸਟਾਕਿੰਗ ਆਦਿ, ਵਿਅਕਤੀਆਂ ਦਾ ਗੰਨ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਗੰਨ ਸਮਗਲਿੰਗ ਤੇ ਸਮਗਲਿੰਗ ਵਿੱਚ ਸ਼ਾਮਲ ਪਾਏ ਜਾਣ ਵਾਲਿਆਂ ਦੀ ਸਜ਼ਾ 10 ਤੋਂ ਵਧਾ ਕੇ 14 ਸਾਲ ਕਰਨ ਦੀ ਤਜਵੀਜ਼ ਵੀ ਦਿੱਤੀ ਗਈ ਹੈ।
ਜਿ਼ਕਰਯੋਗ ਹੈ ਕਿ ਹੈਂਡਗੰਨਜ਼ ਉੱਤੇ ਜਲਦ ਤੋਂ ਜਲਦ ਪਾਬੰਦੀ ਲਵਾਉਣ ਲਈ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ ਨੇ ਇਹ ਰੈਗੂਲੇਟਰੀ ਸੋਧਾਂ ਪਿਛਲੀ ਬਸੰਤ ਵਿੱਚ ਹਾਊਸ ਆਫ ਕਾਮਨਜ਼ ਤੇ ਸੈਨੇਟ ਵਿੱਚ ਪੇਸ਼ ਕੀਤੀਆਂ ਸਨ। ਇਨ੍ਹਾਂ ਰੈਗੂਲੇਸ਼ਨਜ਼ ਦੇ ਇਸ ਸਾਲ ਦੇ ਅੰਤ ਤੱਕ ਲਾਗੂ ਹੋਣ ਦੀ ਸੰਭਾਵਨਾ ਵੀ ਘੱਟ ਹੀ ਹੈ।ਇਸ ਸਬੰਧੀ ਕਾਨੂੰਨ ਵਿੱਚ ਸੋਧਾਂ ਅਜੇ ਪਾਰਲੀਆਮੈਂਟ ਵੱਲੋਂ ਮਨਜ਼ੂਰ ਨਹੀਂ ਕੀਤੀਆਂ ਗਈਆਂ। ਅੱਜ ਲਾਗੂ ਹੋਣ ਜਾ ਰਹੀ ਤਬਦੀਲੀ ਉਦੋਂ ਤੱਕ ਹੀ ਜਾਰੀ ਰਹੇਗੀ ਜਦੋਂ ਤੱਕ ਪਾਰਲੀਆਮੈਂਟ ਵੱਲੋਂ ਇਸ ਉੱਤੇ ਸਥਾਈ ਰੋਕ ਨਹੀਂ ਲੱਗ ਜਾਂਦੀ।