ਬਾਬਾ ਬਕਾਲਾ ਸਾਹਿਬ, 21 ਜੂਨ (ਪੋਸਟ ਬਿਊਰੋ)- ਬੀਤੀ ਰਾਤ ਕਰੀਬ 9.30 ਵਜੇ ਬਾਬਾ ਬਕਾਲਾ ਸਾਹਿਬ ਤੋਂ ਵਡਾਲਾ ਕਲਾਂ ਨੂੰ ਜਾਂਦੀ ਸੰਪਰਕ ਸੜਕ ਉੱਤੇ ਇੱਕ 20-22 ਸਾਲਾ ਨੌਜਵਾਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਮ੍ਰਿਤਕ ਦੀ ਪਛਾਣ ਰਿਸ਼ੀਵੰਤ ਸਿੰਘ ਪੁੱਤਰ ਹਰਪਾਲ ਸਿੰਘ ਪਿੰਡ ਧਿਆਨਪੁਰ ਵਜੋਂ ਹੋਈ ਹੈ। ਉਸ ਨੂੰ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ, ਜਿਥੇ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ।
ਥਾਣਾ ਬਿਆਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਰਾਤ ਰਿਸ਼ੀਵੰਤ ਦੀ ਦੂਸਰੀ ਧਿਰ ਨਾਲ ਤਕਰਾਰ ਹੋਈ ਪਿੱਛੋਂ ਗੋਲੀ ਚੱਲਣ ਲੱਗ ਪਈ। ਪੁਲਸ ਨੇ ਦੱਸਿਆ ਕਿ ਦੂਜੇ ਪੱਖ ਦੇ ਪ੍ਰਭਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਤੇ ਅੰਗ੍ਰੇਜ਼ ਸਿੰਘ ਪੁੱਤਰ ਜੋਗਾ ਸਿੰਘ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿੱਚ ਦਾਖਲ ਹਨ। ਇਸ ਸਬੰਧੀ ਐਸ ਪੀ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈ ਕੇ ਕੇਸ ਦਰਜ ਕਰ ਲਿਆ ਹੈ।