ਗੁਰਾਇਆ, 15 ਜੂਨ (ਪੋਸਟ ਬਿਊਰੋ)- ਕੱਲ੍ਹ ਰਾਤ ਚੋਰ ਵਾਰਡ ਨੰ. 6 ਰਿਸ਼ੀ ਨਗਰ ਵਿਖੇ ਦਿਨ-ਦਿਹਾੜੇ ਲੁੱਟ ਕਰ ਕੇਇੱਕ ਘਰ ਵਿੱਚੋਂ ਲੱਖਾਂ ਦਾ ਸਾਮਾਨ ਲੈ ਕੇ ਖਿਸਕ ਗਏ।
ਇਸ ਘਟਨਾ ਸਬੰਧੀ ਸੁਨੀਲ ਕੁਮਾਰ ਪੁੱਤਰ ਰੇਸ਼ਮ ਲਾਲ ਵਾਸੀ ਰਿਸ਼ੀ ਨਗਰ ਗੁਰਾਇਆ ਨੇ ਦੱਸਿਆ ਕਿ ਉਹ ਅਕਾਊਂਟੈਂਟ ਦੀ ਨੌਕਰੀ ਲਈ ਸਵੇਰੇ ਡਿਊਟੀ ਉੱਤੇ ਚਲੇ ਜਾਂਦੇ ਹਨ। ਉਨ੍ਹਾਂ ਦੀ ਪਤਨੀ ਆਪਣੇ ਬਿਊਟੀ ਪਾਰਲਰ ਦੇ ਕੰਮ ਲਈ ਚਲੀ ਜਾਂਦੀ ਹੈ ਤੇ ਬੱਚੇ ਉਸ ਦੇ ਨਾਲ ਚਲੇ ਜਾਂਦੇ ਹਨ ਤੇ ਉਨ੍ਹਾਂ ਦੇ ਪਿਤਾ ਰੇਸ਼ਮ ਲਾਲ ਆਪਣੀ ਨੌਕਰੀ ਉੱਤੇ ਚਲੇ ਜਾਂਦੇ ਹਨ ਤੇ ਘਰ ਵਿੱਚ ਸਿਰਫ਼ ਤਾਲਾ ਲੱਗਾ ਹੁੰਦਾ ਹੈ।ਸ਼ਾਮ 7.30 ਵਜੇ ਜਦੋਂ ਉਹ ਘਰ ਆਏ ਤਾਂ ਤਾਲਾ ਟੁੱਟਿਆ ਹੋਇਆ ਤੇ ਸਾਰਾ ਸਮਾਨ ਖਿੱਲਰਿਆ ਹੋਇਆ ਸੀ। ਚੈਕ ਕਰਨ ਤੇ ਪਤਾ ਲੱਗਾ ਕਿ ਚੋਰ ਉਨ੍ਹਾਂ ਦੇ ਘਰ ਵਿੱਚੋਂ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਨਕਦੀ ਵੀ ਲੈ ਕੇ ਫਰਾਰ ਹੋ ਗਏ।ਇਸ ਵਿੱਚ ਉਨ੍ਹਾਂ ਦਾ ਕੁੱਲ ਤਿੰਨ ਲੱਖ ਦਾ ਨੁਕਸਾਨ ਹੋਇਆ ਲੱਗਦਾ ਹੈ। ਇਸ ਘਟਨਾ ਸਬੰਧੀ ਗੁਰਾਇਆ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।