* ਦੋ ਪੱਸਲੀਆਂ ਤੇ ਸੱਜੀ ਲੱਤ ਦੋ ਥਾਵਾਂ ਤੋਂ ਟੁੱਟੀ
ਜਲੰਧਰ, 10 ਮਈ, (ਪੋਸਟ ਬਿਊਰੋ)- ਵਿਧਾਨ ਸਭਾ ਹਲਕਾ ਆਦਮਪੁਰ ਤੋਂ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਮੰਗਲਵਾਰ ਸ਼ਾਮ ਸੜਕ ਹਾਦਸੇਵਿੱਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲਵਿੱਚ ਦਾਖਲ ਕਰਵਾਇਆ ਗਿਆ ਹੈ। ਕੋਟਲੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ, ਪਰ ਹਾਦਸੇ ਦੌਰਾਨ ਦੋ ਪੱਸਲੀਆਂ ਅਤੇ ਸੱਜੀ ਲੱਤ ਦੋ ਥਾਵਾਂ ਤੋਂ ਟੁੱਟੀ ਹੈ। ਉਨ੍ਹਾਂ ਨਾਲ ਪਿਛਲੀ ਸੀਟ ਉੱਤੇ ਬੈਠੇ ਪੀਏ ਦੀ ਬਾਂਹ ਟੁੱਟ ਗਈ ਹੈ।
ਹਾਦਸੇ ਬਾਰੇ ਸੁਖਵਿੰਦਰ ਸਿੰਘ ਕੋਟਲੀ ਦੇ ਸਾਥੀ ਮੁਕੱਦਰ ਲਾਲ ਅਲਾਵਲਪੁਰ ਨੇ ਦੱਸਿਆ ਕਿ ਚੰਡੀਗੜ੍ਹੋਂ ਮੁੜਦੇਵਿਧਾਇਕ ਅੱਗੇ ਡਰਾਈਵਰ ਨਾਲ ਫਰੰਟ ਸੀਟ ਉੱਤੇ ਸਨ। ਸ਼ਾਮ ਕਰੀਬ ਸਾਢੇ ਛੇ ਵਜੇ ਨਵਾਂਸ਼ਹਿਰ ਦੇ ਕਸਬਾ ਬਹਿਰਾਮ ਨੇੜੇ ਹਾਈਵੇ ਉੱਤੇ ਦੋਪਹੀਆ ਵਾਹਨਵਾਲੇ ਬੱਚੇ ਅਚਾਨਕ ਅੱਗੇ ਆ ਗਏ ਤਾਂ ਉਨ੍ਹਾਂ ਨੂੰ ਬਚਾਉਣ ਲਈ ਡਰਾਈਵਰ ਨੇ ਬਰੇਕ ਮਾਰੀ ਤਾਂ ਬੇਕਾਬੂ ਹੋ ਕੇ ਡਿਵਾਈਡਰ ਨਾਲ ਵੱਜਣ ਪਿੱਛੋਂ ਖੰਭੇਵਿੱਚ ਜਾ ਵੱਜੀ, ਜਿਸ ਨਾਲ ਵਿਧਾਇਕ ਕੋਟਲੀ ਤੇ ਪਿਛਲੀ ਸੀਟ ਉੱਤੇ ਬੈਠਾ ਉਨ੍ਹਾਂ ਦਾ ਪੀਏ ਜ਼ਖਮੀ ਹੋ ਗਏ। ਦੋਵਾਂ ਨੂੰ ਜੌਹਲ ਹਸਪਤਾਲ ਦਾਖਲ ਕਰਵਾਇਆ ਹੈ। ਜੌਹਲ ਹਸਪਤਾਲ ਦੇ ਐੱਮਡੀ ਡਾ. ਬਲਜੀਤ ਸਿੰਘ ਜੌਹਲ ਨੇ ਦੱਸਿਆ ਕਿ ਵਿਧਾਇਕ ਸੁਖਵਿੰਧਰ ਸਿੰਘ ਕੋਟਲੀ ਨੂੰ ਮੁੱਢਲੀ ਸਹਾਇਤਾ ਪਿੱਛੋਂ ਪੜਤਾਲ ਵਿੱਚ ਪਤਾ ਲੱਗਾ ਕਿ ਉਨ੍ਹਾਂ ਦੀਆ ਦੋ ਪੱਸਲੀਆਂ ਅਤੇ ਸੱਜੀ ਲੱਤ ਦੋ ਥਾਵਾਂ ਤੋਂ ਟੁੱਟ ਗਈ ਹੈ ਅਤੇ ਮੋਢੇ ਉੱਤੇ ਵੀ ਸੱਟ ਹੈ। ਉਨ੍ਹਾਂ ਦੇ ਪੀਏ ਦੀ ਬਾਂਹ ਟੁੱਟ ਗਈ ਹੈ, ਪਰ ਦੋਵੇਂ ਜਣੇ ਖਤਰੇ ਤੋਂ ਬਾਹਰ ਹਨ।