ਓਟਵਾ, 2 ਮਈ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੌਵ ਵੱਲੋਂ ਪਿੱਛੇ ਜਿਹੇ ਕੀਤੀਆਂ ਟਿੱਪਣੀਆਂ ਦੀ ਨਿਖੇਧੀ ਕੀਤੀ ਗਈ ਹੈ। ਲੈਵਰੌਵ ਨੇ ਆਖਿਆ ਸੀ ਕਿ ਦੇਸ਼ ਦਾ ਟੀਚਾ ਯੂਕਰੇਨ ਨੂੰ ਨਾਜ਼ੀ ਪ੍ਰਭਾਵ ਤੋਂ ਮੁਕਤ ਕਰਵਾਉਣਾ ਹੈ ਤੇ ਉਨ੍ਹਾਂ ਇਹ ਦਾਅਵਾ ਵੀ ਕੀਤਾ ਸੀ ਕਿ ਹਿਟਲਰ ਖੁਦ ਯਹੂਦੀ ਸੀ।
ਇੱਕ ਇੰਟਰਵਿਊ ਵਿੱਚ ਲੈਵਰੌਵ ਤੋਂ ਇਹ ਪੁੱਛਿਆ ਗਿਆ ਸੀ ਕਿ ਰੂਸ ਇਹ ਦਾਅਵਾ ਕਿਵੇਂ ਕਰ ਸਕਦਾ ਹੈ ਕਿ ਉਹ ਯੂਕਰੇਨ ਨੂੰ ਨਾਜ਼ੀ ਪ੍ਰਭਾਵ ਤੋਂ ਮੁਕਤ ਕਰਵਾਉਣ ਦੀ ਕੋਸਿ਼ਸ਼ ਕਰ ਰਿਹਾ ਹੈ ਜਦੋਂ ਕਿ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਆਪ ਯਹੂਦੀ ਹਨ। ਇਸ ਲਈ ਜਦੋਂ ਉਹ ਆਖਦੇ ਹਨ ਕਿ ਜੇ ਅਸੀਂ ਯਹੂਦੀ ਹਾਂ ਤਾਂ ਨਾਜ਼ੀਵਾਦ ਦੀ ਕੀ ਹੋਂਦ ਰਹਿ ਜਾਂਦੀ ਹੈ, ਇਸ ਉੱਤੇ ਲੈਵਰੌਵ ਨੇ ਆਖਿਆ ਕਿ ਉਨ੍ਹਾਂ ਦੇ ਵਿਚਾਰ ਮੁਤਾਬਕ ਹਿਟਲਰ ਆਪ ਵੀ ਯਹੂਦੀ ਪਿਛੋਕੜ ਨਾਲ ਜੁੜਿਆ ਹੋਇਆ ਸੀ ਤੇ ਇਸੇ ਕਰਕੇ ਇਸ ਤਰ੍ਹਾਂ ਦੀਆਂ ਤੁਕਾਂ ਦਾ ਕੋਈ ਮਤਲਬ ਨਹੀਂ ਬਣਦਾ।
ਜਿ਼ਕਰਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਯੂਕਰੇਨ ਉੱਤੇ ਚੜ੍ਹਾਈ ਨੂੰ ਨਾਜ਼ੀ ਖਿਲਾਫ ਕਾਰਵਾਈ ਵਜੋਂ ਰੰਗਤ ਦੇਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।ਪੁਤਿਨ ਦੂਜੀ ਵਿਸ਼ਵ ਜੰਗ ਵਿੱਚ ਜਰਮਨੀ ਨੂੰ ਹਰਾਉਣ ਲਈ ਰੂਸ ਦੇ ਇਤਿਹਾਸ ਨੂੰ ਯੂਕਰੇਨ ਖਿਲਾਫ ਵਰਤਦਿਆਂ ਹੋਇਆਂ ਘਰੇਲੂ ਪੱਧਰ ਉੱਤੇ ਸਮਰਥਨ ਜੁਟਾਉਣ ਦੀ ਕੋਸਿ਼ਸ਼ ਕਰ ਰਹੇ ਹਨ।
ਲੈਵਰੌਵ ਦੀਆਂ ਅਜਿਹੀਆਂ ਟਿੱਪਣੀਆਂ ਦੀ ਨਿਖੇਧੀ ਕਰਦਿਆਂ ਹੋਇਆਂ ਟਰੂਡੋ ਨੇ ਓਨਟਾਰੀਓ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਆਖਿਆ ਕਿ ਇਹ ਸੱਭ ਗੱਲਾਂ ਊਟਪਟਾਂਗ ਹਨ ਤੇ ਇਸ ਤਰ੍ਹਾਂ ਦੀ ਸੋਚ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਟਰੂਡੋ ਨੇ ਆਖਿਆ ਕਿ ਕੈਨੇਡਾ ਸਮੇਤ ਸਹੀ ਸੋਚ ਰੱਖਣ ਵਾਲੇ ਦੇਸ਼ਾਂ , ਜਿਨ੍ਹਾਂ ਲੋਕਾਂ ਨੇ ਹੌਲੋਕਾਸਟ ਦੇ ਦਰਦ ਨੂੰ ਹੰਢਾਇਆ, ਹੇਟ ਕ੍ਰਾਈਮ ਵਿੱਚ ਹੋ ਰਹੇ ਵਾਧੇ-ਫਿਰ ਭਾਵੇਂ ਉਹ ਯਹੂਦੀਆਂ ਖਿਲਾਫ, ਮੁਸਲਮਾਨਾਂ ਖਿਲਾਫ ਜਾਂ ਬਲੈਕ ਖਿਲਾਫ ਕਿਉਂ ਨਾ ਹੋਵੇ, ਨੂੰ ਇਨ੍ਹਾਂ ਗੱਲਾਂ ਦੀ ਸਖ਼ਤ ਨਿਖੇਧੀ ਕਰਨੀ ਚਾਹੀਦੀ ਹੈ।