Welcome to Canadian Punjabi Post
Follow us on

03

July 2025
 
ਕੈਨੇਡਾ

ਕੈਨੇਡਾ ਤੇ ਅਮਰੀਕਾ ਦੀ ਸਰਹੱਦ ਨੇੜੇ ਮਿਲੀਆਂ ਚਾਰ ਲਾਸ਼ਾਂ

January 21, 2022 08:37 AM

ਮਨੁੱਖੀ ਸਮਗਲਿੰਗ ਲਈ ਫਲੋਰਿਡਾ ਦੇ ਵਿਅਕਤੀ ਨੂੰ ਕੀਤਾ ਗਿਆ ਚਾਰਜ

ਮੈਨੀਟੋਬਾ, 20 ਜਨਵਰੀ (ਪੋਸਟ ਬਿਊਰੋ) :ਕੈਨੇਡਾ-ਯੂਐਸ ਬਾਰਡਰ ਦੇ ਨੇੜੇ ਮੈਨੀਟੋਬਾ ਵਿੱਚ ਇੱਕ ਬੱਚੇ ਸਮੇਤ ਚਾਰ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਫਲੋਰਿਡਾ ਦੇ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ।ਉਸ ਉੱਤੇ ਮਨੁੱਖੀ ਸਮਗਲਿੰਗ ਦਾ ਦੋਸ਼ ਲਾਇਆ ਗਿਆ ਹੈ।
ਡਿਸਟ੍ਰਿਕਟ ਆਫ ਮਿਨੀਸੋਟਾ ਲਈ ਯੂਨਾਈਟਿਡ ਸਟੇਟਸ ਅਟਾਰਨੀ ਆਫਿਸ ਅਨੁਸਾਰ 47 ਸਾਲਾ ਸਟੀਵ ਸੈ਼ਂਡ ਨੂੰ ਬੁੱਧਵਾਰ ਨੂੰ ਯੂਐਸ ਬਾਰਡਰ ਪੈਟਰੋਲ ਵੱਲੋਂ ਬਿਨਾਂ ਦਸਤਾਵੇਜ਼ਾਂ ਦੇ ਵਿਦੇਸ਼ੀ ਨਾਗਰਿਕਾਂ ਨੂੰ ਸਮਗਲ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ। ਉਸ ਖਿਲਾਫ ਲਾਏ ਗਏ ਚਾਰਜਿਜ਼ ਅਦਾਲਤ ਵਿੱਚ ਸਿੱਧ ਨਹੀਂ ਹੋਏ ਹਨ।ਯੂਨਾਈਟਿਡ ਸਟੇਟਸ ਅਟਾਰਨੀ ਆਫਿਸ ਨੇ ਆਖਿਆ ਕਿ ਬੁੱਧਵਾਰ ਨੂੰ ਯੂਐਸ ਬਾਰਡਰ ਪੈਟਰੋਲ ਨੇ ਸੈ਼ਂਡ ਨੂੰ ਰੋਕਿਆ, ਉਹ ਬਾਰਡਰ ਦੇ ਦੱਖਣ ਵੱਲ ਦੋ ਕਿਲੋਮੀਟਰ ਤੋਂ ਵੀ ਘੱਟ ਦੀ ਦੂਰੀ ਉੱਤੇ ਪੇਂਡੂ ਇਲਾਕੇ ਵਿੱਚ 15 ਸੀਟਰ ਪੈਸੈਂਜਰ ਵੈਨ ਚਲਾ ਰਿਹਾ ਸੀ।ਰਲੀਜ਼ ਵਿੱਚ ਆਖਿਆ ਗਿਆ ਕਿ ਵੈਨ ਵਿੱਚ ਬਿਨਾਂ ਦਸਤਾਵੇਜ਼ਾਂ ਵਾਲੇ ਦੋ ਵਿਅਕਤੀ ਮੌਜੂਦ ਸਨ।
ਯੂਨਾਈਟਿਡ ਸਟੇਟਸ ਅਟਾਰਨੀ ਆਫਿਸ ਅਨੁਸਾਰ ਜਿਸ ਸਮੇਂ ਸੈ਼ਂਡ ਤੇ ਦੋ ਪੈਸੈਂਜਰਜ਼ ਨੂੰ ਉੱਤਰੀ ਡਕੋਤਾ ਵਿੱਚ ਪੈਂਬੀਨਾ ਬਾਰਡਰ ਪੈਟਰੋਲ ਸਟੇਸ਼ਨ ਲਿਜਾਇਆ ਗਿਆ ਉਸ ਸਮੇਂ ਦੇ ਨੇੜੇ ਤੇੜੇ ਹੀ ਪੰਜ ਹੋਰ ਵਿਅਕਤੀ ਬਾਰਡਰ ਦੇ ਦੱਖਣ ਵੱਲ ਉਸ ਦਿਸ਼ਾ ਵੱਲ ਤੁਰੇ ਜਾਂਦੇ ਮਿਲੇ ਜਿੱਥੇ ਸੈ਼ਂਡ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਰਲੀਜ਼ ਵਿੱਚ ਆਖਿਆ ਗਿਆ ਕਿ ਉਨ੍ਹਾਂ ਪੰਜਾਂ ਵਿਅਕਤੀਆਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਬਾਰਡਰ ਪਾਰ ਕਰਕੇ ਆਏ ਹਨ ਤੇ ਇੱਥੇ ਉਨ੍ਹਾਂ ਨੂੰ ਕਿਸੇ ਵਿਅਕਤੀ ਵੱਲੋਂ ਅੱਗੇ ਲਿਜਾਇਆ ਜਾਣਾ ਸੀ।
ਰਲੀਜ਼ ਵਿੱਚ ਅੱਗੇ ਆਖਿਆ ਗਿਆ ਕਿ ਇਸ ਗਰੁੱਪ ਦੇ ਮੈਂਬਰਾਂ ਵਿੱਚੋਂ ਇੱਕ ਦੇ ਬੈਕਪੈਕ ਵਿੱਚ ਬੱਚਿਆਂ ਦੇ ਕੱਪੜੇ, ਡਾਇਪਰ, ਖਿਡੌਣੇ ਤੇ ਦਵਾਈਆਂ ਆਦਿ ਮੌਜੂਦ ਸਨ।
ਉਸ ਵਿਅਕਤੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਕੋਲ ਪਰਿਵਾਰ ਦੇ ਚਾਰ ਜੀਆਂ ਦਾ ਬੈਕਪੈਕ ਸੀ ਤੇ ਉਹ ਪਰਿਵਾਰ ਪਹਿਲਾਂ ਉਨ੍ਹਾਂ ਦੇ ਨਾਲ ਹੀ ਆ ਰਿਹਾ ਸੀ ਪਰ ਰਾਤ ਸਮੇਂ ਉਹ ਵੱਖ ਹੋ ਗਏ। ਮੈਨੀਟਬਾ ਵਿੱਚ ਜਦੋਂ ਸਵੇਰੇ 9:20 ਉੱਤੇ ਮਾਊਂਟੀਜ਼ ਨੂੰ ਇਹ ਖਬਰ ਮਿਲੀ ਤਾਂ ਉਨ੍ਹਾਂ ਇਲਾਕੇ ਦੀ ਭਾਲ ਦਾ ਕੰਮ ਸੁ਼ਰੂ ਕੀਤਾ।ਮੈਨੀਟੋਬਾ ਆਰਸੀਐਮਪੀ ਅਸਿਸਟੈਂਟ ਕਮਿਸ਼ਨਰ ਜੇਨ ਮੈਕਲੈਚੀ ਨੇ ਆਖਿਆ ਕਿ ਦੁਪਹਿਰੇ 1:30 ਵਜੇ ਦੇ ਨੇੜੇ ਕੈਨੇਡੀਅਨ ਸਾਈਡ ਉੱਤੇ ਅਧਿਕਾਰੀਆਂ ਨੂੰ ਐਮਰਸਨ ਤੋਂ 10 ਕਿਲੋਮੀਟਰ ਪੂਰਬ ਵੱਲ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ।
ਉਨ੍ਹਾਂ ਆਖਿਆ ਕਿ ਇਹ ਲਾਸ਼ਾਂ ਬਾਲਗ ਵਿਅਕਤੀ, ਇੱਕ ਮਹਿਲਾ ਤੇ ਬੱਚੇ ਦੀਆਂ ਸਨ। ਚੌਥੀ ਲਾਸ਼, ਜੋ ਕਿ ਇੱਕ ਟੀਨੇਜਰ ਲੜਕੇ ਦੀ ਸੀ, ਥੋੜ੍ਹੀ ਦੇਰ ਬਾਅਦ ਮਿਲੀ।ਰਲੀਜ਼ ਵਿੱਚ ਦੱਸਿਆ ਗਿਆ ਕਿ ਇਹ ਲਾਸ਼ਾਂ ਇੱਕੋ ਪਰਿਵਾਰ ਦੇ ਵੱਖ ਹੋਏ ਚਾਰ ਜੀਆਂ ਦੀਆਂ ਸਨ। ਆਰਸੀਐਮਪੀ ਨੇ ਦੱਸਿਆ ਕਿ ਇਹ ਲਾਸ਼ਾਂ ਬਾਰਡਰ ਤੋਂ 40 ਫੁੱਟ ਦੀ ਦੂਰੀ ਉੱਤੇ ਮਿਲੀਆਂ। ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਇਨ੍ਹਾਂ ਸਾਰਿਆਂ ਦੀ ਮੌਤ ਠੰਢ ਕਾਰਨ ਹੋਈ ਹੈ। ਆਰਸੀਐਮਪੀ ਦਾ ਮੰਨਣਾ ਹੈ ਕਿ ਇਹ ਚਾਰੇ ਵੀ ਉਸ ਗਰੁੱਪ ਦਾ ਹੀ ਹਿੱਸਾ ਹੋਣਗੇ ਜਿਸ ਨੂੰ ਅਮਰੀਕਾ ਵਾਲੇ ਪਾਸੇ ਫੜ੍ਹਿਆ ਗਿਆ।
ਮੈਕਲੈਚੀ ਨੇ ਆਖਿਆ ਕਿ ਆਰਸੀਐਮਪੀ ਦੇ ਜਾਂਚਕਾਰ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਅਤੇ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਕਿਊਰਿਟੀ ਨਾਲ ਰਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਮਾਰੇ ਗਏ ਚਾਰਾਂ ਵਿਅਕਤੀਆਂ ਦੇ ਨਾਂ, ਉਮਰ, ਨਾਗਰਿਕਤਾ ਆਦਿ ਦਾ ਪਤਾ ਲਾਉਣ ਵਿੱਚ ਅਜੇ ਸਮਾਂ ਲੱਗੇਗਾ। ਇਸ ਸਬੰਧ ਵਿੱਚ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਕੁੱਝ ਆਖਿਆ ਜਾ ਸਕਦਾ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ