Welcome to Canadian Punjabi Post
Follow us on

19

August 2022
ਪੰਜਾਬ

ਮਰਹੂਮ ਗੈਂਗਸਟਰ ਕੁਲਵੀਰ ਨਰੂਆਣਾ ਦੇ ਦੋ ਸਾਥੀਆਂ ਦਾ ਕਤਲ

January 13, 2022 08:18 PM

ਬਠਿੰਡਾ, 13 ਜਨਵਰੀ (ਪੋਸਟ ਬਿਊਰੋ)- ਪੰਜਾਬ ਦੇ ਮਸ਼ਹੂਰ ਗੈਂਗਸਟਰ ਕੁਲਵੀਰ ਸਿੰਘ ਨਰੂਆਣਾ ਦੇ ਸਾਥੀ ਅਤੇ ਉਸ ਦੇ ਇੱਕ ਹੋਰ ਦੋਸਤ ਦਾ ਪਿੰਡ ਲਹਿਰਾਖਾਨਾ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਅਣਪਛਾਤੇ ਕਾਰ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਚਿੱਟੇ ਦਿਨ ਕਤਲ ਕਰ ਦੇਣ ਦੀ ਖਬਰ ਪ੍ਰਾਪਤ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਲਹਿਰਾਖਾਨਾ ਦੇ ਗੁਰੂ ਘਰ ਵਿਖੇ ਮਨਪ੍ਰੀਤ ਸਿੰਘ ਛੱਲਾ ਪੁੱਤਰ ਸੁਖਦੇਵ ਸਿੰਘ ਵਾਸੀ ਲਹਿਰਾਖਾਨਾ ਆਪਣੇ ਕਿਸੇ ਰਿਸ਼ਤੇਦਾਰ ਦੇ ਭੋਗ ਤੋਂ ਆਪਣੇ ਸਾਥੀ ਮਨਪ੍ਰੀਤ ਸਿੰਘ ਉਰਫ ਵਿੱਕੀ ਬੇਗਾ ਪੁੱਤਰ ਗੁਰਸੇਵਕ ਸਿੰਘ ਵਾਸੀ ਲਹਿਰਾ ਬੇਗਾ ਸਾਬਕਾ ਸਰਪੰਚ ਨਾਲ ਜਦ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਰਿਹਾ ਸੀ ਤਾਂ ਇੱਕ ਕਾਲੇ ਰੰਗ ਦੀ ਕਾਰ ਵਿਚ ਸਵਾਰ ਚਾਰ ਨੌਜਵਾਨਾਂ ਵਿੱਚੋਂ ਤਿੰਨ ਨੇ ਦੋਵਾਂ ਉੱਤੇ ਗੋਲੀਆਂ ਚਲਾ ਦਿੱਤੀਆਂ।ਹਮਲਾਵਰ ਤੋਂ ਡਰ ਕੇ ਭਾਵੇਂ ਇੱਕ ਵਾਰ ਦੋਵੇਂ ਜਣੇ ਭੱਜਣ ਵਿੱਚ ਕਾਮਯਾਬ ਹੋ ਗਏ, ਪਰ ਪੈਰ ਤਿਲਕ ਕੇ ਡਿੱਗ ਪੈਣ ਕਾਰਨ ਉਨ੍ਹਾਂ ਨੂੰ ਹਮਲਾਵਰਾਂ ਨੇ ਆਪਣੀਆਂ ਗੋਲੀਆਂ ਦਾ ਸ਼ਿਕਾਰ ਬਣਾਲਿਆ।ਹਮਲਾਵਰ ਭੱਜਣ ਵਿੱਚ ਸਫਲ ਰਹੇ, ਜਦ ਕਿ ਜ਼ਖਮੀਆਂ ਨੂੰ ਆਦੇਸ਼ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਥਾਣਾ ਨਥਾਣਾ ਦੀ ਪੁਲਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।ਪੁਲਸ ਇਸ ਘਟਨਾ ਨੂੰ ਗੈਂਗਵਾਰ ਵਜੋਂ ਵੇਖਦੀ ਹੈ। ਕੁਝ ਮਹੀਨੇ ਪਹਿਲਾਂ ਗੈਂਗਸਟਰ ਕੁਲਵੀਰ ਨਰੂਆਣਾ ਨੂੰ ਉਸ ਦੇ ਇੱਕ ਸਾਥੀ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਦੂਜੇ ਪਾਸੇ ਘਟਨਾ ਪਿੱਛੋਂ ਦਵਿੰਦਰ ਬੰਬੀਹਾ ਗਰੁੱਪ ਦੇ ਨਾਂਅ ਹੇਠ ਫੇਸਬੁਕ ਉੱਤੇ ਬਣੇ ਪੇਜ਼ ਉਪਰ ਇਸ ਦੀ ਜ਼ਿੰਮੇਵਾਰੀ ਲਈ ਗਈ ਅਤੇ ਦਾਅਵਾ ਕੀਤਾ ਗਿਆ ਹੈ ਕਿ ਉਕਤ ਦੋਵਾਂ ਨੌਜਵਾਨਾਂ ਦਾ ਕਤਲ ਇਸ ਗਰੁੱਪ ਨੇ ਕੀਤਾ ਹੈ। ਇਸ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਛੱਲਾ ਸਿੱਧੂ ਦੂਜਾ ਕੁਲਵੀਰ ਨਰੂਆਣਾ ਬਣਨ ਦੀ ਕੋਸ਼ਿਸ਼ ਵਿੱਚ ਸੀ, ਜਿਸ ਕਾਰਨ ਉਸ ਦਾ ਕਤਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਪੋਸਟ ਵਿੱਚ ਭੱਲਾ ਸੇਖੂ ਅਤੇ ਨਾਗਰੀ ਨਾਂਅ ਦੇ ਦੋ ਨੌਜਵਾਨਾਂ ਦਾ ਵੇਰਵਾ ਦਿੰਦਿਆਂ ਕਿਸੇ ਨੂੰ ਵੀ ਉਨ੍ਹਾਂ ਦੇ ਕੰਮਾਂ ਵਿੱਚ ਲੱਤ ਅੜਾਉਣ ਤੋਂ ਵਰਜਿਆ ਗਿਆ ਹੈ।

Have something to say? Post your comment