ਓਟਵਾ, 6 ਅਕਤੂਬਰ (ਪੋਸਟ ਬਿਊਰੋ) : ਪਹਿਲੇ ਨੈਸ਼ਨਲ ਡੇਅ ਫੌਰ ਟਰੁੱਥ ਐਂਡ ਰੀਕੌਂਸੀਲਿਏਸ਼ਨ ਮੌਕੇ ਪਰਿਵਾਰ ਸਮੇਤ ਟੌਫੀਨੋ ਛੂੱਟੀਆ ਮਨਾਉਣ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਨਤਕ ਤੌਰ ਉੱਤੇ ਮੁਆਫੀ ਮੰਗੀ ਗਈ ਹੈ।
ਬੁੱਧਵਾਰ ਨੂੰ ਟਰੂਡੋ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਛਤਾਵਾ ਹੈ ਕਿ ਉਨ੍ਹਾਂ 30 ਸਤੰਬਰ ਨੂੰ ਟਰੈਵਲ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਆਖਿਆ ਕਿ ਕੈਨੇਡਾ ਤੇ ਕੈਨੈਡੀਅਨਜ਼ ਲਈ ਇਹ ਦਿਨ ਖਾਸ ਅਹਿਮੀਅਤ ਵਾਲਾ ਹੈ। ਇਸ ਵਿੱਚ ਸਿਰਫ ਅਤੀਤ ਦੀ ਹੀ ਨਹੀਂ ਸਗੋਂ ਵਰਤਮਾਨ ਦੀ ਵੀ ਝਲਕ ਮਿਲਦੀ ਹੈ। ਪਰ ਉਸ ਦਿਨ ਸਫਰ ਕਰਨ ਦਾ ਫੈਸਲਾ ਕਰਨਾ ਬੱਜਰ ਗਲਤੀ ਸੀ। ਉਨ੍ਹਾਂ ਸਿੱਧੇ ਤੌਰ ਉੱਤੇ ਚੀਫ (ਰੋਜ਼ੇਨ) ਕੈਸੀਮੀਰ ਤੋਂ ਵੀ ਮੁਆਫੀ ਮੰਗੀ ਜਿਨ੍ਹਾਂ ਨੇ ਉਨ੍ਹਾਂ ਨੂੰ ਇੱਕ ਈਵੈਂਟ ਉੱਤੇ ਸੱਦਿਆ ਸੀ ਪਰ ਉਹ ਉੱਥੇ ਨਹੀਂ ਪਹੁੰਚੇ।
ਫਰਸਟ ਨੇਸ਼ਨ ਦੇ ਪਹਿਲੇ ਦੋ ਸੱਦਿਆਂ ਦਾ ਜਵਾਬ ਨਾ ਦੇਣ ਬਾਰੇ ਪ੍ਰਧਾਨ ਮੰਤਰੀ ਨੇ ਸਿੱਧੇ ਤੌਰ ਉੱਤੇ ਕੈਮਲੂਪਜ਼ ਤੇ ਸੈਕਵੇਪੈਮਕ ਤੋਂ ਵੀ ਮੁਆਫੀ ਮੰਗੀ। ਟਰੂਡੋ ਨੇ ਆਖਿਆ ਕਿ ਅਜੇ ਬਹੁਤ ਸਾਰਾ ਕੰਮ ਕਰਨਾ ਬਾਕੀ ਪਿਆ ਹੈ ਤੇ ਉਹ ਇਸ ਕੰਮ ਨੂੰ ਪੂਰਾ ਕਰਨ ਲਈ ਵਚਨਬੱਧ ਹਨ।