ਓਟਵਾ, 30 ਸਤੰਬਰ (ਪੋਸਟ ਬਿਊਰੋ) : ਇੱਕ ਪਾਸੇ ਦੇਸ਼ ਵਿੱਚ ਪਹਿਲਾ ਫਰਸਟ ਨੈਸ਼ਨਲ ਡੇਆ ਆਫ ਟਰੁੱਥ ਐਂਡ ਰੀਕੌਂਸੀਲਿਏਸ਼ਨ ਮਨਾਇਆ ਜਾ ਰਿਹਾ ਸੀ ਤੇ ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਟੋਫੀਨੋ ਵਿੱਚ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ।
ਪ੍ਰਾਈਵੇਟ ਮੀਟਿੰਗਜ਼ ਵਿੱਚ ਹੋਣ ਦੀ ਗੱਲ ਆਖ ਕੇ ਟਰੂਡੋ ਨੇ ਆਪਣੇ ਆਫਿਸ ਤੋਂ ਇਹ ਪੁਸ਼ਟੀ ਕਰਵਾਈ ਕਿ ਅਗਲੇ ਕੁੱਝ ਦਿਨਾਂ ਲਈ ਉਹ ਵੈਨਕੂਵਰ ਵਿੱਚ ਹੋਣਗੇ।ਇਹ ਪਤਾ ਲੱਗਣ ਉਪਰੰਤ ਟਰੂਡੋ ਦੀ ਚੁਫੇਰਿਓੱ ਨੁਕਤਾਚੀਨੀ ਕੀਤੀ ਜਾ ਰਹੀ ਹੈ। ਪੀਐਮ ਆਫਿਸ ਵੱਲੋਂ ਇਹ ਸਫਾਈ ਦਿੱਤੀ ਗਈ ਕਿ ਇਸ ਟਰਿੱਪ ਵਿੱਚ ਟਰੂਡੋ ਪਹਿਲਾਂ ਬੁੱਧਵਾਰ ਰਾਤ ਨੂੰ ਹੋਣ ਵਾਲੀ ਸੈਰੇਮਨੀ ਵਿੱਚ ਹਿੱਸਾ ਲੈਣਗੇ।
ਟਵਿੱਟਰ ਦੀ ਵਰਤੋਂ ਕਰਨ ਵਾਲੇ ਕਈ ਯੂਜ਼ਰਜ਼ ਨੇ ਇਸ ਉੱਤੇ ਆਪਣਾ ਗੁੱਸਾ ਪ੍ਰਗਟਾਇਆ।ਕਈਆਂ ਨੇ ਆਖਿਆ ਕਿ ਟਰੂਡੋ ਕਹਿੰਦੇ ਕੁੱਝ ਹਨ ਤੇ ਕਰਦੇ ਕੁੱਝ ਹੋਰ ਹਨ। ਇੱਕ ਯੂਜ਼ਰ ਨੇ ਆਖਿਆ ਕਿ ਇਸ ਗੱਲ ਉੱਤੇ ਯਕੀਨ ਹੀ ਨਹੀਂ ਹੁੰਦਾ ਕਿ ਪ੍ਰਧਾਨ ਮੰਤਰੀ ਵੱਲੋਂ ਅਜਿਹੇ ਸਮੇਂ ਵਿੱਚ ਪਰਿਵਾਰ ਨਾਲ ਛੁੱਟੀਆਂ ਮਨਾਈਆਂ ਜਾ ਰਹੀਆਂ ਹਨ। ਟਰੂਡੋ ਦੇ ਆਫਿਸ ਨੇ ਇਹ ਵੀ ਆਖਿਆ ਕਿ ਉਹ ਵੀਰਵਾਰ ਨੂੰ ਦੇਸ਼ ਭਰ ਦੇ ਰੈਜ਼ੀਡੈਂਸ਼ੀਅਲ ਸਕੂਲ ਸਰਵਾਈਵਰਜ਼ ਨਾਲ ਗੱਲਬਾਤ ਕਰਨਗੇ।
ਯੂਨੀਅਨ ਆਫ ਬੀਸੀ ਇੰਡੀਅਨ ਚੀਫਜ਼ ਦੇ ਪ੍ਰੈਜ਼ੀਡੈਂਟ ਗ੍ਰੈਂਡ ਚੀਫ ਸਟੀਵਾਰਟ ਫਿਲਿਪ ਨੇ ਇੱਕ ਟਵੀਟ ਵਿੱਚ ਆਖਿਆ ਕਿ ਕੈਮਲੂਪਜ਼ ਤੇ ਸੈਕਵੇਪੈਮਕ ਵੱਲੋਂ ਦਿੱਤੇ ਸੱਦੇ ਨੂੰ ਨਾ ਮੰਨ ਕੇ ਟਰੂਡੋ ਨੇ ਸਾਰੇ ਆਈਆਰਐਸ ਦੇ ਮੂੰਹ ਉੱਤੇ ਚਪੇੜ ਮਾਰੀ ਹੈ। ਖਾਸਤੌਰ ਉੱਤੇ ਉਨ੍ਹਾਂ ਪਰਿਵਾਰਾਂ ਦੇ ਜਿਨ੍ਹਾਂ ਦੇ ਬੱਚੇ ਕਦੇ ਘਰੇ ਹੀ ਨਹੀਂ ਮੁੜੇ। ਉਨ੍ਹਾਂ ਆਖਿਆ ਕਿ ਜੇ ਇਹੋ ਈਵੈਂਟ ਚੋਣਾਂ ਤੋਂ ਪਹਿਲਾਂ ਹੋਇਆ ਹੁੰਦਾ ਤਾਂ ਟਰੂਡੋ ਨੇ ਉਨ੍ਹਾਂ ਅੱਗੇ ਗੋਡੇ ਟੇਕੇ ਹੋਣੇ ਸਨ।