ਓਟਵਾ, 1 ਸਤੰਬਰ (ਪੋਸਟ ਬਿਊਰੋ) : ਬੀਤੇ ਦਿਨੀਂ ਇਮੀਗ੍ਰੇਸ਼ਨ ਮੰਤਰੀ ਮਾਰਕੋ ਈਐਲ ਮੈਂਡੀਸੀਨੋ ਵੱਲੋਂ ਨਵੀਂ ਪਬਲਿਕ ਪਾਲਿਸੀ ਸਬੰਧੀ ਕੀਤੇ ਗਏ ਐਲਾਨ ਨਾਲ ਕੈਨੇਡਾ ਆਉਣ ਵਾਲੇ ਵਿਜ਼ੀਟਰਜ਼ ਨੂੰ ਫਾਇਦਾ ਹੋਵੇਗਾ| ਮੈਂਡੀਸੀਨੋ ਨੇ ਆਪਣੇ ਐਲਾਨ ਵਿੱਚ ਆਖਿਆ ਕਿ ਜਿਹੜੇ ਵਿਜ਼ੀਟਰਜ਼ ਇਸ ਸਮੇਂ ਕੈਨੇਡਾ ਵਿੱਚ ਹਨ ਤੇ ਜਿਨ੍ਹਾਂ ਕੋਲ ਵੈਲਿਡ ਜੌਬ ਆਫਰ ਹੈ, ਉਹ ਹੁਣ ਇੰਪਲਾਇਰ ਅਧਾਰਤ ਵਰਕ ਪਰਮਿਟ ਲਈ ਅਪਲਾਈ ਕਰਨ ਦੇ ਯੋਗ ਹੋਣਗੇ| ਜੇ ਉਨ੍ਹਾਂ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਨ੍ਹਾਂ ਨੂੰ ਦੇਸ਼ ਛੱਡਣ ਤੋਂ ਬਿਨਾਂ ਹੀ ਪਰਮਿਟ ਮਿਲ ਜਾਵੇਗਾ|
ਪਾਲਿਸੀ ਵਿੱਚ ਇਹ ਆਰਜ਼ੀ ਤਬਦੀਲੀਆਂ ਫੌਰੀ ਤੌਰ ਉੱਤੇ ਪ੍ਰਭਾਵੀ ਹੋਣਗੀਆਂ ਤੇ ਇਹ ਕੈਨੇਡਾ ਦੇ ਉਨ੍ਹਾਂ ਇੰਪਲੌਇਰਜ਼ ਨੂੰ ਫਾਇਦਾ ਪਹੁੰਚਾਉਣਗੀਆਂ ਜਿਨ੍ਹਾਂ ਨੂੰ ਆਪਣੀ ਲੋੜ ਮੁਤਾਬਕ ਵਰਕਰਜ਼ ਲੱਭਣ ਵਿੱਚ ਦਿੱਕਤ ਹੋ ਰਹੀ ਹੈ| ਇਸ ਦੇ ਨਾਲ ਹੀ ਉਨ੍ਹਾਂ ਟੈਂਪਰੇਰੀ ਰੈਜ਼ੀਡੈਂਟਸ ਨੂੰ ਵੀ ਫਾਇਦਾ ਹੋਵੇਗਾ ਜਿਹੜੇ ਆਪਣੇ ਕੰਮ ਤੇ ਹੁਨਰ ਨਾਲ ਕੈਨੇਡਾ ਦੇ ਕੋਵਿਡ-19 ਮਹਾਂਮਾਰੀ ਤੋਂ ਬਚਣ ਦੇ ਰਾਹ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ|
ਮਹਾਂਮਾਰੀ ਦੌਰਾਨ, ਆਰਜ਼ੀ ਰੈਜ਼ੀਡੈਂਟਸ, ਜਿਹੜੇ ਕੈਨੇਡਾ ਵਿੱਚ ਹੀ ਰਹਿ ਗਏ ਹਨ, ਨੂੰ ਵੈਲਿਡ ਲੀਗਲ ਸਟੇਟਸ ਮੇਨਟੇਨ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ| ਮਹਾਂਮਾਰੀ ਕਾਰਨ ਦੁਨੀਆ ਭਰ ਵਿੱਚ ਏਅਰ ਟਰੈਵਲ ਸੀਮਤ ਹੋਣ ਕਰਕੇ ਕੈਨੇਡਾ ਆਏ ਕੁੱਝ ਵਿਜ਼ੀਟਰਜ਼ ਇੱਥੋਂ ਵਾਪਿਸ ਆਪਣੇ ਟਿਕਾਣਿਆਂ ਉੱਤੇ ਜਾ ਹੀ ਨਹੀਂ ਸਕੇ, ਜਦਕਿ ਕੁੱਝ ਫੌਰਨ ਵਰਕਰਜ਼ ਨੂੰ ਆਪਣੇ ਸਟੇਟਸ ਬਦਲ ਕੇ ਵਿਜ਼ੀਟਰ ਕਰਨਾ ਪਿਆ ਕਿਉਂਕਿ ਉਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਸੀ ਤੇ ਉਨ੍ਹਾਂ ਕੋਲ ਨਵੇਂ ਵਰਕ ਪਰਮਿਟ ਲਈ ਅਪਲਾਈ ਕਰਨ ਵਾਸਤੇ ਕੋਈ ਜੌਬ ਆਫਰ ਵੀ ਨਹੀਂ ਸੀ|
ਕੈਨੇਡਾ ਵਿਚਲੇ ਕੁੱਝ ਇੰਪਲੌਇਰਜ਼ ਨੂੰ ਵੀ ਲੇਬਰ ਦੀ ਘਾਟ ਤੇ ਹੁਨਰਮੰਦ ਕਾਮਿਆਂ ਦੀ ਤੰਗੀ ਕਾਰਨ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਨ੍ਹਾਂ ਵਿੱਚ ਉਹ ਇੰਪਲੌਇਰਜ਼ ਵੀ ਸ਼ਾਮਲ ਹਨ ਜਿਹੜੇ ਉਹ ਅਹਿਮ ਵਸਤਾਂ ਤੇ ਸੇਵਾਵਾਂ ਮੁਹੱਈਆ ਕਰਵਾਉਂਦੇ ਹਨ ਜਿਨ੍ਹਾਂ ਉੱਤੇ ਕੈਨੇਡੀਅਨ ਨਿਰਭਰ ਕਰਦੇ ਹਨ|
ਇਸ ਆਰਜ਼ੀ ਪਬਲਿਕ ਪਾਲਿਸੀ ਦਾ ਫਾਇਦਾ ਲੈਣ ਲਈ ਬਿਨੈਕਾਰ ਨੂੰ ਹੇਠ ਲਿਖੇ ਮੁਤਾਬਕ ਯੋਗਤਾ ਚਾਹੀਦੀ ਹੋਵੇਗੀ :
• 24 ਅਗਸਤ, 2020 ਤੱਕ ਬਿਨੈਕਾਰ ਦਾ ਵਿਜ਼ੀਟਰ ਵਜੋਂ ਕੈਨੇਡਾ ਵਿੱਚ ਵੈਲਿਡ ਸਟੇਟਸ ਹੋਵੇ ਤੇ ਉਹ ਕੈਨੇਡਾ ਵਿੱਚ ਹੀ ਰਹਿ ਰਿਹਾ ਹੋਵੇ
• ਬਿਨੈਕਾਰ ਕੋਲ ਜੌਬ ਆਫਰ ਹੋਵੇ
• ਖਾਸ ਇੰਪਲੌਇਰ ਵੱਲੋਂ ਦਿੱਤੇ ਜਾਣ ਵਾਲੇ ਵਰਕ ਪਰਮਿਟ, ਜਿਸ ਨੂੰ ਲੇਬਰ ਮਾਰਕਿਟ ਇੰਪੈਕਟ ਅਸੈਸਮੈਂਟ (ਐਲਐਮਆਈਏ) ਜਾਂ ਐਲਐਮਆਈਏ ਤੋਂ ਛੋਟ ਵਾਲਾ ਕੰਮ 31 ਮਾਰਚ, 2021 ਤੱਕ ਕਰਨ ਲਈ ਤਾਈਦ ਕੀਤਾ ਗਿਆ ਹੋਵੇ, ਲਈ ਅਰਜ਼ੀ ਜਮ੍ਹਾਂ ਕਰਵਾਉਣਾ
• ਹੋਰ ਸਾਰੇ ਮਾਪਦੰਡਾਂ ਨੂੰ ਵੀ ਪੂਰਾ ਕਰਦਾ ਹੋਵੇ
ਇਹ ਆਰਜ਼ੀ ਪਬਲਿਕ ਪਾਲਿਸੀ ਉੱਪਰ ਦਿੱਤੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਬਿਨੈਕਾਰਾਂ ਲਈ ਨਵਾਂ ਮੌਕਾ ਮੁਹੱਈਆ ਕਰਵਾਉਂਦੀ ਹੈ ਤੇ ਉਨ੍ਹਾਂ ਲਈ ਜਿਨ੍ਹਾਂ ਕੋਲ ਪਿਛਲੇ 12 ਮਹੀਨਿਆਂ ਵਿੱਚ ਆਪਣੇ ਇੰਪਲੌਇਰ ਕੋਲ ਕੰਮ ਕਰਨ ਦਾ ਵੈਲਿਡ ਵਰਕ ਪਰਮਿਟ ਰਿਹਾ ਹੋਵੇ, ਜੋ ਕਿ ਉਨ੍ਹਾਂ ਦੀ ਵਰਕ ਪਰਮਿਟ ਅਰਜ਼ੀ ਪੂਰੀ ਤਰ੍ਹਾਂ ਮਨਜ਼ੂਰ ਹੋਣ ਤੋਂ ਪਹਿਲਾਂ ਦਾ ਹੋਵੇ|