ਮਾਂਟਰੀਅਲ, 30 ਅਗਸਤ (ਪੋਸਟ ਬਿਊਰੋ) : ਸਕੂਲ ਵਿੱਚ ਦੋ ਐਜੂਕੇਟਰਜ਼ ਦੇ ਕੋਵਿਡ-19 ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਕਿਊਬਿਕ ਹਾਈ ਸਕੂਲ ਦੇ 20 ਅਧਿਆਪਕਾਂ ਨੂੰ ਕੁਆਰਨਟੀਨ ਕਰ ਦਿੱਤਾ ਗਿਆ ਹੈ।
ਕਿਊਬਿਕ ਦੇ ਫਰੈਂਚ ਲੈਂਗੁਏਜ ਸਕੂਲਜ਼ ਦੇ ਬਹੁਤੇ ਵਿਦਿਆਰਥੀ ਵੀਰਵਾਰ ਨੂੰ ਕਲਾਸਾਂ ਵਿੱਚ ਪਰਤੇ ਪਰ ਮਾਂਟਰੀਅਲ ਦੇ ਉੱਤਰਪੱਛਮ ਵਿਚਲੇ ਡੈਕਸ-ਮੌਂਟੇਨਜ ਹਾਈ ਸਕੂਲ ਦੇ 10ਵੀਂ ਤੇ 11ਵੀਂ ਦੇ ਵਿਦਿਆਰਥੀਆਂ ਨੂੰ ਅਜੇ ਆਪਣੇ ਘਰਾਂ ਵਿੱਚ ਹੀ ਰਹਿਣ ਲਈ ਆਖਿਆ ਗਿਆ ਹੈ। ਇਸ ਦੌਰਾਨ ਐਜੂਕੇਸ਼ਨ ਅਥਾਰਟੀਜ਼ ਇਹ ਫੈਸਲਾ ਲੈਣ ਦੀ ਕੋਸਿ਼ਸ਼ ਕਰਨਗੀਆਂ ਕਿ ਸਕੂਲ ਸੈਸ਼ਨ ਨਾਲ ਅੱਗੇ ਕਿਵੇਂ ਵਧਿਆ ਜਾ ਸਕਦਾ ਹੈ।
ਸਕੂਲਾਂ ਦੀ ਨਿਗਰਾਨੀ ਕਰਨ ਵਾਲੇ ਸਰਵਿਸ ਸੈਂਟਰ ਸੀਐਸਐਸਐਮਆਈ ਦੀ ਮੈਲੇਨੀ ਪੌਇਰਰ ਨੇ ਆਖਿਆ ਕਿ ਉਨ੍ਹਾਂ ਦੇ ਕਈ ਅਧਿਆਪਕ ਛੁੱਟੀ ਉੱਤੇ ਰਹੇ। ਇਹ ਪਾਜ਼ੀਟਿਵ ਕੇਸ ਉਸ ਸਮੇਂ ਸਾਹਮਣੇ ਆਏ ਜਦੋਂ ਕਲਾਸ ਦੇ ਪਹਿਲੇ ਦਿਨ ਦੀ ਤਿਆਰੀ ਕਰਨ ਲਈ ਅਧਿਆਪਕਾਂ ਵੱਲੋਂ ਸਕੂਲ ਦਾ ਦੌਰਾ ਕੀਤਾ ਗਿਆ। ਉਨ੍ਹਾਂ ਆਖਿਆ ਕਿ ਇਹ ਗੱਲ 21 ਅਗਸਤ ਦੀ ਹੈ। ਪੌਇਰਰ ਨੇ ਆਖਿਆ ਕਿ ਉਸ ਦਿਨ ਤੋਂ ਹੁਣ ਤੱਕ ਕੋਈ ਵੀ ਅਧਿਆਪਕ ਸਕੂਲ ਨਹੀਂ ਆਇਆ।
ਉਨ੍ਹਾਂ ਆਖਿਆ ਕਿ ਇਸ ਦੌਰਾਨ ਕੋਈ ਵਿਦਿਆਰਥੀ ਅਜੇ ਸਕੂਲ ਨਹੀਂ ਸੀ ਆਇਆ। ਮਾਪਿਆਂ ਨੂੰ ਇਸ ਸਬੰਧ ਵਿੱਚ ਜਾਣੂ ਕਰਵਾ ਦਿੱਤਾ ਗਿਆ ਹੈ ਕਿ ਸਾਡੇ ਵੱਲੋਂ 20 ਅਧਿਆਪਕਾਂ ਨੂੰ ਕੁਆਰਨਟੀਨ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਐਸਐਸਐਮਆਈ ਸਬਸਟੀਚਿਊਟ ਅਧਿਆਪਕਾਂ ਨੂੰ ਲਿਆਉਣ ਜਾਂ ਕੁਆਰਨਟੀਨ ਕੀਤੇ ਅਧਿਆਪਕਾਂ ਨੂੰ ਵੀਡੀਓਕਾਨਫਰੰਸ ਰਾਹੀਂ ਕਲਾਸਾਂ ਲਾਉਣ ਦੇ ਬਦਲ ਉੱਤੇ ਵਿਚਾਰ ਕਰ ਰਿਹਾ ਹੈ।