ਫਾਈਜ਼ਰ ਤੇ ਮੌਡਰਨਾ ਨਾਲ ਫੈਡਰਲ
ਸਰਕਾਰ ਨੇ ਕੀਤੀ ਡੀਲ
ਓਟਵਾ, 5 ਅਗਸਤ (ਪੋਸਟ ਬਿਊਰੋ) : ਫੈਡਰਲ ਸਰਕਾਰ ਬਾਇਓਫਾਰਮਾਸਿਊਟੀਕਲ ਤੇ ਬਾਇਓਟੈਕਨੌਲੋਜੀ ਕੰਪਨੀਆਂ ਫਾਈਜ਼ਰ ਤੇ ਮੌਡਰਨਾ ਨਾਲ ਨਵੀਂ ਡੀਲ ਕਰਨ ਵਿੱਚ ਕਾਮਯਾਬ ਹੋ ਗਈ ਹੈ| ਇਸ ਡੀਲ ਤੋਂ ਬਾਅਦ ਹੁਣ 2021 ਵਿੱਚ ਕੈਨੇਡਾ ਨੂੰ ਵੈਕਸੀਨ ਦੀਆਂ ਕਈ ਮਿਲੀਅਨ ਡੋਜ਼ਿਜ਼ ਦੇਸ਼ ਭਰ ਵਿੱਚ ਵੰਡਣ ਲਈ ਮਿਲਣਗੀਆਂ|
ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਨੇ ਬੁੱਧਵਾਰ ਨੂੰ ਆਖਿਆ ਕਿ ਦੋ ਮਲਟੀਨੈਸ਼ਨਲ ਕਾਰਪੋਰੇਸ਼ਨਾਂ ਨਾਲ ਹੋਈ ਇਹ ਡੀਲ ਕੈਨੇਡਾ ਨੂੰ ਕਰੋਨਾਵਾਇਰਸ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰੇਗੀ| ਬੁੱਧਵਾਰ ਨੂੰ ਟੋਰਾਂਟੋ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਆਨੰਦ ਨੇ ਆਖਿਆ ਕਿ ਫਾਈਜ਼ਰ ਇਸ ਸਮੇਂ ਚਾਰ ਵੈਕਸੀਨਜ਼ ਉੱਤੇ ਕੰਮ ਕਰ ਰਹੀ ਹੈ ਤੇ ਇਸ ਦੇ ਕਲੀਨਿਕਲ ਟ੍ਰਾਇਲ ਵੀ ਚੱਲ ਰਹੇ ਹਨ| ਇਹ ਟ੍ਰਾਇਲ ਜਰਮਨੀ ਤੇ ਅਮਰੀਕਾ ਵਿੱਚ ਵੀ ਹੋ ਰਹੇ ਹਨ ਤੇ ਇਨ੍ਹਾਂ ਦੇ ਚੰਗੇ ਨਤੀਜੇ ਮਿਲ ਰਹੇ ਹਨ|
ਮੰਤਰੀ ਨੇ ਇਹ ਨਹੀਂ ਦੱਸਿਆ ਕਿ ਇਸ ਦੌਰਾਨ ਕਿੰਨੀਆ ਡੋਜ਼ਿਜ਼ ਕੈਨੇਡਾ ਲਈ ਵਿਕਸਤ ਕੀਤੀਆਂ ਜਾਣਗੀਆਂ ਤੇ ਨਾ ਹੀ ਇਹ ਕਾਂਟਰੈਕਟ ਕਿੰਨੇ ਡਾਲਰਜ਼ ਵਿੱਚ ਸਿਰੇ ਚੜ੍ਹਿਆ ਇਹ ਹੀ ਦੱਸਿਆ ਗਿਆ ਹੈ| ਇਸ ਮੌਕੇ ਇਨੋਵੇਸ਼ਨ ਮੰਤਰੀ ਨਵਦੀਪ ਬੈਂਸ, ਜੋ ਕਿ ਆਨੰਦ ਨਾਲ ਇਸ ਕਾਨਫਰੰਸ ਵਿੱਚ ਮੌਜੂਦ ਸਨ, ਨੇ ਸਰਕਾਰ ਵੱਲੋਂ ਵੱਖ ਵੱਖ ਥੈਰੇਪੀਜ਼ ਉੱਤੇ ਕੀਤੇ ਜਾ ਰਹੇ ਕੰਮ ਬਾਰੇ ਜਾਣਕਾਰੀ ਦਿੱਤੀ|
ਇਸ ਦੌਰਾਨ ਬੈਂਸ ਨੇ ਵੇਰੀਏਸ਼ਨ ਬਾਇਓਟੈਕਨੌਲੋਜ਼ੀਜ਼ ਇਨਕਾਰਪੋਰੇਸ਼ਨ (ਵੀਬੀਆਈ) ਰਾਹੀਂ ਕੈਨੇਡਾ ਵਿੱਚ ਵੈਕਸੀਨ ਦੇ ਵਿਕਾਸ ਲਈ 56 ਮਿਲੀਅਨ ਡਾਲਰ ਦੇਣ ਦਾ ਐਲਾਨ ਵੀ ਕੀਤਾ|