ਟੋਰਾਂਟੋ, 6 ਜੁਲਾਈ (ਪੋਸਟ ਬਿਊਰੋ) : ਹੈਮਿਲਟਨ ਵਿੱਚ ਪਲੇ ਵੱਡੇ ਹੋਏ ਥਿਏਟਰ ਸਟਾਰ ਨਿੱਕ ਕੌਰਡਰੋ ਦੀ ਲਾਸ ਏਂਜਲਸ ਵਿੱਚ ਮੌਤ ਹੋ ਗਈ। ਉਹ ਕੋਵਿਡ-19 ਤੋਂ ਪੀੜਤ ਸੀ। ਉਹ 41 ਵਰ੍ਹਿਆਂ ਦਾ ਸੀ।
ਉਸ ਦੀ ਪਤਨੀ, ਜੋ ਕਿ ਡਾਂਸਰ ਤੇ ਪਰਸਨਲ ਟਰੇਨਰ ਹੈ, ਅਮਾਂਡਾ ਕਲੂਟਸ ਨੇ ਆਖਿਆ ਕਿ ਕੌਰਡਰੋ ਦੀ ਮੌਤ ਐਤਵਾਰ ਸਵੇਰੇ ਹੋਈ ਤੇ ਜਿਸ ਸਮੇਂ ਉਸ ਨੇ ਆਖਰੀ ਸਾਹ ਲਏ ਉਸ ਦਾ ਪਰਿਵਾਰ ਉਸ ਦੇ ਨੇੜੇ ਸੀ। ਕਲੂਟਸ ਨੇ ਇਨਸਟਾਗ੍ਰਾਮ ਉੱਤੇ ਲਿਖਿਆ ਕਿ ਨਿੱਕ ਬਹੁਤ ਜਿ਼ੰਦਾਦਿਲ ਸ਼ਖਸੀਅਤ ਸੀ, ਉਸ ਦੇ ਕਈ ਦੋਸਤ ਸਨ, ਉਹ ਹਰ ਕਿਸੇ ਦੀ ਮਦਦ ਲਈ ਤਿਆਰ ਰਹਿੰਦਾ ਸੀ। ਉਹ ਕਮਾਲ ਦਾ ਐਕਟਰ ਤੇ ਸੰਗੀਤਕਾਰ ਸੀ। ਉਹ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਸੀ।
ਟੋਨੀ ਐਵਾਰਡ ਲਈ ਨਾਮਜ਼ਦ ਹੋ ਚੁੱਕੇ ਐਕਟਰ, ਗਾਇਕ ਤੇ ਸੰਗੀਤਕਾਰ ਨੂੰ ਸੱਭ ਤੋਂ ਪਹਿਲਾਂ ਨਿਮੋਨੀਆ ਵਰਗੇ ਲੱਛਣਾਂ ਨਾਲ ਅਪਰੈਲ ਵਿੱਚ ਲਾਸ ਏਂਜਲਸ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੂੰ ਲੱਗਿਆ ਕਿ ਉਸ ਦੇ ਲੱਛਣ ਕਰੋਨਾਵਾਇਰਸ ਵਾਲੇ ਹਨ ਤੇ ਇਸ ਲਈ ਉਸ ਦੇ ਤਿੰਨ ਟੈਸਟ ਕਰਵਾਏ ਗਏ। ਪਹਿਲੇ ਦੋ ਟੈਸਟ ਨੈਗੇਟਿਵ ਆਏ ਤੇ ਤੀਜਾ ਟੈਸਟ ਕੋਵਿਡ-19 ਪਾਜ਼ੀਟਿਵ ਆਇਆ।
ਫਿਰ ਹੌਲੀ ਹੌਲੀ ਉਸ ਦੇ ਫੇਫੜੇ ਜਵਾਬ ਦੇ ਗਏ। ਉਸ ਦੇ ਫੇਫੜਿਆਂ ਵਿੱਚ ਮੋਰੀਆਂ ਹੋ ਗਈਆਂ ਜਿਵੇਂ ਕਿ ਉਹ ਲੰਮੇਂ ਸਮੇਂ ਤੋਂ ਸਿਗਰਟਨੋਸ਼ੀ ਕਰ ਰਿਹਾ ਹੋਵੇ ਹਾਲਾਂਕਿ ਉਹ ਸਿਗਰਟਨੋਸ਼ੀ ਨਹੀਂ ਸੀ ਕਰਦਾ। ਉਸ ਦੀ ਲੰਗ ਇਨਫੈਕਸ਼ਨ ਬਹੁਤ ਵੱਧ ਗਈ, ਉਸ ਨੂੰ ਬੀਪੀ ਦੀ ਵੀ ਸਮੱਸਿਆ ਹੋ ਗਈ, ਫਿਰ ਕਲੌਟਿੰਗ ਇਸੂ਼ ਹੋ ਗਏ ਤੇ ਉਸ ਦੀ ਸੱਜੀ ਲੱਤ ਵੀ ਕੱਟਣੀ ਪੈ ਗਈ।
ਕੌਰਡਰੋ ਨੂੰ ਇੰਟੈਂਸਿਵ ਕੇਅਰ ਯੂਨਿਟ ਵਿੱਚ ਦਿਲ, ਫੇਫੜੇ ਤੇ ਗੁਰਦਿਆਂ ਨੂੰ ਚੱਲਦਾ ਰੱਖਣ ਲਈ ਵੱਖ ਵੱਖ ਮਸ਼ੀਨਾਂ ਉੱਤੇ ਰੱਖਿਆ ਗਿਆ ਸੀ। ਉਹ ਕੋਮਾ ਵਿੱਚ ਵੀ ਗਿਆ ਪਰ ਆਪਣੀ ਮੌਤ ਤੋਂ ਪਹਿਲਾਂ ਉਹ ਵਾਪਿਸ ਆ ਗਿਆ।