ਮੋਹਾਲੀ, 29 ਜੂਨ (ਪੋਸਟ ਬਿਊਰੋ)- ਬਲੌਂਗੀ ਥਾਣੇ ਦੇ ਪਿੰਡ ਬੜਮਾਜਰਾ ਵਿੱਚ ਘਰ ਮੂਹਰੇ ਬਾਥਰੂਮ ਕਰਦੇ ਨੌਜਵਾਨਾਂ ਨੂੰ ਰੋਕਣ 'ਤੇ ਉਸ ਨੌਜਵਾਨ ਦਾ ਚਾਕੂਆਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਸ਼ਨੀਵਾਰ ਦੇਰ ਰਾਤ ਦੀ ਹੈ। ਮ੍ਰਿਤਕ ਦੀ ਪਛਾਣ ਸੰਜੇ ਯਾਦਵ (32) ਵਜੋਂ ਹੋਈ ਹੈ, ਜੋ ਪੇਂਟਰ ਦਾ ਕੰਮ ਕਰਦਾ ਸੀ।
ਸੰਜੇ ਯਾਦਵ ਪਿਛਲੇ 10 ਸਾਲ ਤੋਂ ਆਪਣੀ ਪਤਨੀ ਉਰਮਿਲਾ ਅਤੇ ਪੰਜ ਸਾਲ ਦੀ ਬੇਟੀ ਦੇ ਨਾਲ ਕਿਰਾਏ 'ਤੇ ਰਹਿ ਰਿਹਾ ਸੀ। ਬਲੌਂਗੀ ਪੁਲਸ ਨੇ ਇਸ ਕੇਸ ਵਿੱਚ ਪੰਜ-ਛੇ ਅਣਪਛਾਤੇ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਪਤਾ ਲੱਗਾ ਹੈ ਕਿ ਸ਼ਨੀਵਾਰ ਤਿੰਨ ਨੌਜਵਾਨ ਸੰਜੇ ਯਾਦਵ ਦੇ ਘਰ ਦੇ ਬਾਹਰ ਬਾਥਰੂਮ ਕਰ ਰਹੇ ਸਨ, ਜਦ ਉਸ ਨੇ ਉਨ੍ਹਾਂ ਨੂੰ ਦੇਖਿਆ ਤਾਂ ਉਨ੍ਹ੍ਹਾਂ ਨੇ ਬਾਥਰੂਮ ਕਰਨ ਤੋਂ ਮਨ੍ਹਾ ਕੀਤਾ। ਇਸ ਗੱਲ ਤੋਂ ਸੰਜੇ ਦੀ ਉਨ੍ਹਾਂ ਤਿੰਨ ਨਾਲ ਹੱਥੋਪਾਈ ਹੋ ਗਈ। ਉਨ੍ਹਾਂ ਦਾ ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ ਤਾਂ ਤਿੰਨੇ ਨੌਜਵਾਨ ਦੌੜ ਗਏ, ਪਰ ਸਾਢੇ 11 ਵਜੇ ਉਹੀ ਨੌਜਵਾਨ ਆਪਣੇ ਤਿੰਨ-ਚਾਰ ਹੋਰ ਸਾਥੀਆਂ ਨਾਲ ਸੰਜੇ ਦੇ ਘਰ ਦੇ ਬਾਹਰ ਆਏ, ਜਿਨ੍ਹਾਂ ਨੇ ਸੰਜੇ ਨੂੰ ਘਰ ਤੋਂ ਬਾਹਰ ਕੱਢਿਆ ਅਤੇ ਉਸ 'ਤੇ ਚਾਕੂ ਨਾਲ ਤਿੰਨ ਵਾਰ ਕਰ ਦਿੱਤੇ। ਇੱਕ ਹੋਰ ਨੌਜਵਾਨ ਨੇ ਉਸ ਦੇ ਸਿਰ ਉੱਤੇ ਇੱਟ ਨਾਲ ਹਮਲਾ ਕੀਤਾ। ਆਪਣੇ ਪਤੀ ਦੇ ਬਚਾਅ ਵਿੱਚ ਜਦ ਉਰਮਿਲਾ ਘਰ ਤੋਂ ਬਾਹਰ ਆਈ ਤਾਂ ਨੌਜਵਾਨਾਂ ਨੇ ਉਸ ਨਾਲ ਵੀ ਕੁੱਟਮਾਰ ਕੀਤੀ ਅਤੇ ਉਹ ਬੇਹੋਸ਼ ਹੋ ਗਈ। ਜ਼ਖਮੀ ਸੰਜੇ ਨੂੰ ਉਸ ਦੇ ਗੁਆਂਢੀ ਸਿਵਲ ਹਸਪਤਾਲ ਫੇਜ਼-6 ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਖਰੜ ਦੇ ਡੀ ਐੱਸ ਪੀ ਪਾਲ ਸਿੰਘ ਅਨੁਸਾਰ ਝਗੜੇ ਵਿੱਚ ਨੌਜਵਾਨ ਦਾ ਕਤਲ ਹੋਇਆ ਹੈ। ਮ੍ਰਿਤਕ ਦੇ ਪਰਵਾਰ ਨੇ ਪੁਲਸ ਨੂੰ ਨਹੀਂ ਦੱਸਿਆ, ਸਾਨੂੰ ਸੂਚਨਾ ਹਸਪਤਾਲ ਤੋਂ ਮਿਲੀ ਹੈ। ਹਮਲਾਵਰ ਅਣਪਛਾਤੇ ਹਨ, ਜਿਨ੍ਹਾਂ ਦੀ ਤਲਾਸ਼ ਲਈ ਸੀ ਸੀ ਟੀ ਵੀ ਫੁਟੇਜ ਚੈਕ ਕੀਤੇ ਜਾ ਰਹੇ ਹਨ ਅਤੇ ਆਸਪਾਸ ਦੇ ਲੋਕਾਂ ਤੋਂ ਵੀ ਹਮਲਾਵਰਾਂ ਦੇ ਬਾਰੇ ਪੁੱਛਗਿੱਛ ਕੀਤੀ ਗਈ ਹੈ।