* ਵਿਰੋਧ ਹੋਣ 'ਤੇ ਹੁਕਮ ਵਾਪਸ ਲੈ ਲਿਆ ਗਿਆ
ਚੰਡੀਗੜ੍ਹ, 22 ਮਈ (ਪੋਸਟ ਬਿਊਰੋ)- ਪੰਜਾਬ ਸਰਕਾਰ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਟੀਚਰਾਂ ਦੀ ਡਿਊਟੀ ਸ਼ਰਾਬ ਦੀਆਂ ਫੈਕਟਰੀਆਂ ਤੋਂ ਹੁੰਦੀ ਅਲਕੋਹਲ ਦੀ ਸਪਲਾਈ ਦੀ ਨਿਗਰਾਨੀ ਕਰਨ ਲਈ ਲਾਏ ਜਾਣ ਤੋਂ ਬਾਅਦ ਵਿਰੋਧੀ ਪਾਰਟੀਆਂ ਤੇ ਟੀਚਰ ਜਥੇਬੰਦੀਆਂ ਨੇ ਸਖ਼ਤ ਵਿਰੋਧ ਕੀਤਾ ਤਾਂ ਪ੍ਰਸ਼ਾਸਨ ਨੇ ਇਹ ਹੁਕਮ ਵਾਪਸ ਲੈ ਲਿਆ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਰਦੀਪ ਸਿੰਘ ਨੇ ਦੱਸਿਆ ਕਿ ਟੀਚਰਾਂ ਦੀ ਡਿਊਟੀ ਬਾਰੇ ਕੱਲ੍ਹ ਜੋ ਆਦੇਸ਼ ਜਾਰੀ ਹੋਇਆ ਸੀ, ਉਹ ਵਾਪਸ ਹੋ ਗਿਆ ਹੈ। 20 ਮਈ ਵਾਲੇ ਆਦੇਸ਼ 'ਚ ਟੀਚਰਾਂ ਨੂੰ ਬਟਾਲਾ ਦੇ ਕੀੜੀ ਅਫ਼ਗਾਨਾ ਵਿਖੇ ਚਾਰ ਸ਼ਰਾਬ ਫ਼ੈਕਟਰੀਆਂ ਏ ਬੀ ਗ੍ਰੇਨਸ ਸਪਿਰਟ ਪ੍ਰਾਈਵੇਟ ਲਿਮਟਿਡ, ਚੱਢਾ ਸ਼ੂਗਰ ਐਂਡ ਇੰਡ ਲਿਮਟਿਡ ਯੂਨਿਟ ਇੱਕ ਅਤੇ ਦੋ ਅਤੇ ਐਡੀ ਬੋ੍ਰਸਵੋਨ ਬ੍ਰੀਵਰੀਸ ਤੋਂ ਹੁੰਦੀ ਅਲਕੋਹਲ ਦੀ ਸਪਲਾਈ ਦੀ ਨਿਗਰਾਨੀ ਕਰਨ ਤੇ ਇਸ ਸਬੰਧੀ ਨੋਡਲ ਅਧਿਕਾਰੀ ਨੂੰ ਵੇਰਵੇ ਦੇਣ ਨੂੰ ਕਿਹਾ ਗਿਆ ਸੀ। ਇਸ ਬਾਰੇ ਸਵੇਰੇ ਛੇ ਵਜੇ ਤੋਂ ਦੁਪਹਿਰ ਦੋ ਵਜੇ, ਫਿਰ ਦੋ ਵਜੇ ਤੋਂ ਰਾਤ 10 ਵਜੇ ਤੱਕ ਅਤੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਟੀਚਰਾਂ ਦੀ ਡਿਊਟੀ ਲੱਗੀ ਸੀ। ਇਸ ਨੂੰ ਵਿਰੋਧੀ ਪਾਰਟੀਆਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਸਰਕਾਰ ਦਾ ਬਹੁਤ ਸ਼ਰਮਨਾਕ ਕਾਰਾ ਕਿਹਾ ਸੀ।
ਟੀਚਰ ਸੰਗਠਨਾਂ ਨੇ ਵੀ ਇਸ ਦਾ ਤਿੱਖਾ ਵਿਰੋਧ ਕੀਤਾ ਸੀ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਇਸ ਬਾਰੇ ਟਵੀਟ ਕੀਤਾ ਕਿ ਨਾਕਿਆਂ ਅਤੇ ਮੰਡੀਆਂ ਤੋਂ ਬਾਅਦ ਅਧਿਆਪਕਾਂ ਦੀ 24 ਘੰਟੇ ਸ਼ਰਾਬ ਦੀ ਸਪਲਾਈ ਦੀ ਨਿਗਰਾਨੀ ਕਰਨ ਦੀ ਡਿਊਟੀ ਲਾਉਣਾ ਬਹੁਤ ਸ਼ਰਮਨਾਕ ਹੈ। ਅਕਾਲੀ ਨੇਤਾ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਵੀ ਇਸ ਮੁੱਦੇ 'ਤੇ ਸੂਬਾ ਸਰਕਾਰ ਦੀ ਅਲੋਚਨਾ ਕੀਤੀ ਸੀ।