ਓਟਵਾ, 25 ਮਾਰਚ (ਪੋਸਟ ਬਿਊਰੋ) : ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਵੱਲੋਂ ਅੱਜ ਕਾਬੁਲ, ਅਫਗਾਨਿਸਤਾਨ ਦੇ ਸ਼ੋਰ ਬਾਜ਼ਾਰ ਸਥਿਤ ਗੁਰਦੁਆਰਾ ਗੁਰੂ ਹਰ ਰਾਇ ਉੱਤੇ ਹੋਏ ਅੱਤਵਾਦੀ ਹਮਲੇ ਦੀ ਨਿਖੇਧੀ ਕੀਤੀ ਗਈ। ਪ੍ਰਾਪਤ ਰਿਪੋਰਟਾਂ ਅਨੁਸਾਰ ਕਈ ਹਮਲਾਵਰ ਸਵੇਰੇ 8:00 ਵਜੇ ਤੋਂ ਠੀਕ ਪਹਿਲਾਂ ਗੁਰਦੁਆਰੇ ਵਿੱਚ ਦਾਖਲ ਹੋ ਗਏ ਤੇ 23 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਫਗਾਨੀ ਸਕਿਊਰਿਟੀ ਸੈਨਾਵਾਂ ਵੱਲੋਂ ਹਮਲਾਵਰਾਂ ਨਾਲ ਜਮ ਕੇ ਮੁਕਾਬਲਾ ਕੀਤਾ ਗਿਆ।
ਇਸ ਹਮਲੇ ਦੀ ਜਿ਼ੰਮੇਵਾਰੀ ਦਾਏਸ਼ ਵੱਲੋਂ ਲਈ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਜੂਨ 2018 ਵਿੱਚ ਆਤਮਘਾਤੀ ਹਮਲੇ ਵਿੱਚ ਦਾਏਸ਼ ਵੱਲੋਂ 19 ਸਿੱਖਾਂ ਨੂੰ ਜਾਨੋਂ ਮਾਰ ਦਿੱਤਾ ਗਿਆ ਸੀ। ਅਫਗਾਨਿਸਤਾਨ ਵਿੱਚ ਹੁਣ ਕਾਬੁਲ ਹੀ ਕੱੁਝ ਗਿਣੇ ਚੁਣੇ ਸਿੱਖਾਂ ਦਾ ਘਰ ਹੈ। ਅਫਗਾਨਿਸਤਾਨ ਦੇ ਕਈ ਇਲਾਕਿਆਂ ਵਿੱਚ ਹਿੰਦੂਆਂ ਤੇ ਸਿੱਖਾਂ ਨੂੰ ਰਹਿਣ ਲਈ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਂਕੜੇ ਸਾਲਾਂ ਤੋਂ ਅਫਗਾਨਿਸਤਾਨ ਵਿੱਚ ਰਹਿ ਰਹੀਆਂ ਸਿੱਖ ਤੇ ਹਿੰਦੂ ਕਮਿਊਨਿਟੀਜ਼ ਦੀ ਗਿਣਤੀ 1000 ਕੁ ਹੈ। 1992 ਤੋਂ ਪਹਿਲਾਂ ਇਨ੍ਹਾਂ ਦੋਵਾਂ ਭਾਈਚਾਰਿਆਂ ਦੀ ਗਿਣਤੀ 200,000 ਸੀ। ਇਨ੍ਹਾਂ ਦੋਵਾਂ ਭਾਈਚਾਰਿਆਂ ਨਾਲ ਇੱਥੇ ਹੋਈਆਂ ਵਧੀਕੀਆਂ ਤੇ ਵਿਤਕਰੇ ਕਾਰਨ ਬਹੁਤੇ ਸਿੱਖ ਤੇ ਹਿੰਦੂ ਹੋਰਨਾਂ ਦੇਸ਼ਾਂ ਵਿੱਚ ਜਾ ਵੱਸੇ। ਅਫਗਾਨ ਵਿੱਚ ਰਹਿ ਰਹੇ ਸਿੱਖ ਤੇ ਹਿੰਦੂ ਉਹ ਹਨ ਜਿਨ੍ਹਾਂ ਕੋਲ ਕਿਤੇ ਵੀ ਦੂਜੇ ਮੁਲਕ ਜਾ ਵੱਸਣ ਦੇ ਸਾਧਨ ਨਹੀਂ ਹਨ।
ਡਬਲਿਊਐਸਓ ਤੇ ਮਨਮੀਤ ਸਿੰਘ ਭੁਲਰ ਫਾਊਂਡੇਸ਼ਨ ਦੇ ਨਾਲ ਨਾਲ ਕੈਨੇਡੀਅਨ ਸਿੱਖ ਕਮਿਊਨਿਟੀ ਵੱਲੋਂ ਅਫਗਾਨਿਸਤਾਨ ਵਿੱਚ ਵੱਸਦੇ ਸਿੱਖਾਂ ਤੇ ਹਿੰਦੂਆਂ ਦੀ ਹੋਣੀ ਨੂੰ ਸੰਵਾਰਨ ਲਈ ਮਾਪਦੰਡ ਅਪਣਾਏ ਜਾਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਅਫਗਾਨੀ ਅਧਿਕਾਰੀਆਂ ਵੱਲੋਂ ਇਨ੍ਹਾਂ ਦੋਵਾਂ ਭਾਈਚਾਰਿਆਂ ਦੇ ਮੁੱਢਲੇ ਮਨੱੁਖੀ ਅਧਿਕਾਰਾਂ ਦੀ ਰਾਖੀ ਵੀ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ। ਅਜਿਹੇ ਅਫਗਾਨੀ ਸਿੱਖਾਂ ਤੇ ਹਿੰਦੂ ਪਰਿਵਾਰਾਂ ਨੂੰ ਕੈਨੇਡਾ ਵਿੱਚ ਸੈਟਲ ਕਰਵਾਉਣ ਲਈ ਡਬਲਿਊਐਸਓ ਪੁਰਜ਼ੋਰ ਕੋਸਿ਼ਸ਼ਾਂ ਕਰ ਰਹੀ ਹੈ। ਇਹ ਉਪਰਾਲਾ ਸੱਭ ਤੋਂ ਪਹਿਲਾਂ ਅਲਬਰਟਾ ਤੋਂ ਐਮਐਲਏ ਮਨਮੀਤ ਸਿੰਘ ਭੁੱਲਰ ਵੱਲੋਂ 2015 ਵਿੱਚ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ 15 ਰਫਿਊਜੀ ਪਰਿਵਾਰ ਕੈਨੇਡਾ ਵਿੱਚ ਸੈਟਲ ਹੋ ਚੁੱਕੇ ਹਨ ਤੇ ਕਈ ਹੋਰ ਆਪਣੀਆਂ ਫਾਈਲਾਂ ਪ੍ਰੋਸੈੱਸ ਹੋਣ ਦੀ ਉਡੀਕ ਕਰ ਰਹੇ ਹਨ।
ਡਬਲਿਊਐਸਓ ਦੇ ਪ੍ਰੈਜ਼ੀਡੈਂਟ ਤੇਜਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਅੱਜ ਗੁਰਦੁਆਰਾ ਗੁਰੂ ਹਰ ਰਾਇ ਉੱਤੇ ਹੋਏ ਹਮਲੇ ਤੇ ਕਈ ਸਿੱਖਾਂ ਦੇ ਕਤਲ ਦਾ ਮਾਮਲਾ ਦਹਿਸ਼ਤ ਵਾਲਾ ਕਾਰਾ ਹੈ। ਪਰ ਮੰਦਭਾਗੀ ਗੱਲ ਇਹ ਹੈ ਕਿ ਅਜਿਹਾ ਨਹੀਂ ਸੀ ਕਿ ਇਹ ਹੋਣ ਦੀ ਸੰਭਾਵਨਾ ਨਹੀਂ ਸੀ। ਅਫਗਾਨ ਦੇ ਸਿੱਖ ਤੇ ਹਿੰਦੂਆਂ ਵੱਲੋਂ ਵਾਰੀ ਵਾਰੀ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਹ ਕਈ ਵਾਰੀ ਆਖ ਚੱੁਕੇ ਹਨ ਕਿ ਉਨ੍ਹਾਂ ਦੀਆਂ ਜਿੰ਼ਦਗੀਆਂ ਨੂੰ ਖਤਰਾ ਹੈ। ਮਦਦ ਤੋਂ ਬਿਨਾਂ ਅਫਗਾਨ ਵਿੱਚ ਰਹਿ ਰਹੇ ਸਿੱਖਾਂ ਤੇ ਹਿੰਦੂਆਂ ਨੂੰ ਹੋਰ ਤ੍ਰਾਸਦਿਕ ਦੌਰ ਵਿੱਚੋਂ ਲੰਘਣਾ ਪੈ ਸਕਦਾ ਹੈ। ਉਨ੍ਹਾਂ ਆਖਿਆ ਕਿ ਇਹ ਸਮਾਂ ਕੈਨੇਡਾ ਤੇ ਪੂਰੀ ਦੁਨੀਆ ਲਈ ਇਸ ਲਈ ਵੀ ਇਮਤਿਹਾਨ ਭਰਿਆ ਹੈ ਕਿਉਂਕਿ ਅਸੀਂ ਕਰੋਨਾਵਾਇਰਸ ਨਾਲ ਜੂਝ ਰਹੇ ਹਾਂ ਤੇ ਸਾਨੂੰ ਅਫਗਾਨ ਦੇ ਸਿੱਖਾਂ ਤੇ ਹਿੰਦੂਆਂ ਦੀ ਮਦਦ ਦੇ ਆਪਣੇ ਫਰਜ਼ ਨੂੰ ਵੀ ਚੇਤੇ ਰਖਣਾ ਚਾਹੀਦਾ ਹੈ।
ਉਨ੍ਹਾਂ ਆਖਿਆ ਕਿ ਅਸੀਂ ਕੈਨੇਡੀਅਨ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਨ੍ਹਾਂ ਦੀਆਂ ਰਫਿਊਜੀ ਅਰਜ਼ੀਆਂ ਦੀ ਪ੍ਰੋਸੈਸਿੰਗ ਤੇਜ਼ ਕਰੇ ਤੇ ਅਫਗਾਨੀ ਸਿੱਖਾਂ ਤੇ ਹਿੰਦੂਆਂ ਨੂੰ ਕੈਨੇਡੀਅਨਾਂ ਵੱਲੋਂ ਸਿਧੇ ਤੌਰ ੳੱੁਤੇ ਸਪਾਂਸਰ ਕਰਨ ਦੀ ਖੱੁਲ੍ਹ ਦੇਵੇ।