ਭਵਾਨੀਗੜ੍ਹ, 6 ਨਵੰਬਰ (ਪੋਸਟ ਬਿਊਰੋ)- ਭਵਾਨੀਗੜ੍ਹ ਵਿੱਚ ਕੱਲ੍ਹ ਦੇਰ ਰਾਤ ਸਥਾਨਕ ਪਟਿਆਲਾ ਰੋਡ ਉੱਤੇ ਪਿੰਡ ਘਰਾਚੋਂ ਨੇੜੇ ਧੂੰਏਂ ਅਤੇ ਧੁੰਦ ਕਾਰਨ ਹਾਦਸੇ ਵਿੱਚ ਇੱਕੋ ਪਰਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ।
ਦੱਸਿਆ ਗਿਆ ਹੈ ਕਿ ਕੱਲ੍ਹ ਰਾਤ ਕਰੀਬ 12 ਵਜੇ ਦੇ ਨੇੜੇ ਹਰੀਸ਼ ਕੁਮਾਰ ਵਾਸੀ ਸੁਨਾਮ ਆਪਣੀ ਪਤਨੀ, ਪੁੱਤਰ ਅਤੇ ਪੋਤਰੀ ਨਾਲ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਪਿੱਛੋਂ ਕਾਰ ਵਿੱਚ ਭਵਾਨੀਗੜ੍ਹ ਤੋਂ ਆਪਣੇ ਘਰ ਮੁੜ ਰਹੇ ਸਨ। ਜਦੋਂ ਉਹ ਪਿੰਡ ਘਰਾਚੋਂ ਨੇੜੇ ਪਹੁੰਚੇ ਤਾਂ ਹਨੇਰੇ ਵਿੱਚ ਕੁਝ ਦਿਖਾਈ ਨਾ ਦੇਣ ਕਾਰਨ ਉਨ੍ਹਾਂ ਦੀ ਕਾਰ ਸੜਕ 'ਤੇ ਖੜ੍ਹੇ ਇੱਕ ਕੈਂਟਰ ਨਾਲ ਜਾ ਵੱਜੀ।
ਹਾਦਸੇ ਵਿੱਚ ਹਰੀਸ਼ ਕੁਮਾਰ (55), ਮੀਨਾ ਰਾਣੀ (52) ਪਤਨੀ ਹਰੀਸ਼ ਕੁਮਾਰ, ਬੇਟਾ ਰਾਹੁਲ ਕੁਮਾਰ (21) ਪੁੱਤਰ ਹਰੀਸ਼ ਕੁਮਾਰ ਅਤੇ ਉਨ੍ਹਾਂ ਦੀ ਢਾਈ ਸਾਲਾ ਪੋਤਰੀ ਮਾਨਿਆ ਪੁੱਤਰੀ ਦੀਪਕ ਕੁਮਾਰ ਦੀ ਮੌਕੇ 'ਤੇ ਮੌਤ ਹੋ ਗਈ। ਚਾਲਕ ਨੇ ਤਕਨੀਕੀ ਖਰਾਬੀ ਕਾਰਨ ਕੈਂਟਰ ਸੜਕ ਦੇ ਵਿਚਾਲੇ ਖੜ੍ਹਾ ਕਰ ਦਿੱਤਾ ਤੇ ਇੰਡੀਕੇਟਰ ਵੀ ਨਹੀਂ ਚਲਾਇਆ ਸੀ। ਪੁਲਸ ਅਨੁਸਾਰ ਕੈਂਟਰ ਨੂੰ ਜ਼ਬਤ ਕਰ ਕੇ ਫਰਾਰ ਚਾਲਕ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।