ਬ੍ਰਿਟਿਸ਼ ਕੋਲੰਬੀਆ, 24 ਜੁਲਾਈ (ਪੋਸਟ ਬਿਊਰੋ): ਪੰਜਾਬੀ ਮੂਲ ਦੇ ਅਕਾਸ਼ਦੀਪ ਸਿੰਘ ਸਿੱਧੂ ਨੇ ਬ੍ਰਿਟਿਸ਼ ਕੋਲੰਬੀਆ ਤੋਂ ਸਾਈਕਲ ਯਾਤਰਾ ਸ਼ੁਰੂ ਕਰਕੇ ਪੂਰੇ ਕੈਨੇਡਾ ਦੀ ਯਾਤਰਾ ਕਰਨ ਦਾ ਅਹਿਦ ਲਿਆ ਹੈ।
ਅਕਾਸ਼ਦੀਪ ਨੇ ਬ੍ਰਿਟਿਸ਼ ਕੋਲੰਬੀਆ ਤੋਂ ਆਪਣੀ ਸਾਈਕਲ ਯਾਤਰਾ ਸ਼ੁਰੂ ਕੀਤੀ ਹੈ ਅਤੇ ਇਸਨੂੰ ਨਿਊਫੰਡਲੈਂਡ ਦੇ ਸੇਂਟ ਜੌਨ ਵਿੱਚ ਜਾ ਕੇ ਖ਼ਤਮ ਕਰਨ ਦਾ ਟੀਚਾ ਰੱਖਿਆ ਹੈ।
3 ਪ੍ਰੋਵਿੰਸਜ਼ ਪਾਰ ਕਰਕੇ ਮੈਨੀਟੋਬਾ ਦੇ ਵਿਨੀਪੈਗ ਸ਼ਹਿਰ ਪਹੁੰਚ ਚੁੱਕੇ ਅਕਾਸ਼ਦੀਪ ਨੇ ਆਉਂਦੇ 2 ਮਹੀਨਿਆਂ ਤੱਕ ਸਾਈਕਲ ਰਾਹੀਂ ਕੈਨੇਡਾ ਘੁੰਮ ਲੈਣ ਦਾ ਟੀਚਾ ਮਿਥਿਆ ਹੈ। ਇਹ ਸਾਈਕਲ ਯਾਤਰਾ ਕਰੀਬ 7640 ਕਿਲੋਮੀਟਰ ਹੈ।
ਅਕਾਸ਼ਦੀਪ ਸਿੰਘ ਸਿੱਧੂ ਕਹਿੰਦੇ ਹਨ ਕਿ ਉਨ੍ਹਾਂ ਦਾ ਕੋਈ ਸਾਈਕਲ ਚਲਾਉਣ ਦਾ ਕੋਈ ਵੱਡਾ ਤਜ਼ਰਬਾ ਨਹੀਂ ਹੈ ਪਰ ਦਿਲੀ ਤਮੰਨਾ ਪੂਰੀ ਕਰਨ ਦੇ ਇਰਾਦੇ ਨਾਲ ਉਸਨੇ ਇਹ ਸਾਈਕਲ ਯਾਤਰਾ ਸ਼ੁਰੂ ਕੀਤੀ ਹੈ।
ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਮੇਰੇ ਪਿਤਾ ਦੇ ਅਚਾਨਕ ਦੇਹਾਂਤ ਨਾਲ ਮੈਨੂੰ ਕਾਫ਼ੀ ਧੱਕਾ ਲੱਗਿਆ, ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਜ਼ਿੰਦਗੀ ਬਹੁਤ ਛੋਟੀ ਹੈ ਅਤੇ ਵਿਅਕਤੀ ਨੂੰ ਆਪਣੇ ਦਿਲ ਦੀ ਇੱਛਾ ਪੂਰੀ ਕਰਨ ਲੈਣੀ ਚਾਹੀਦੀ ਹੈ।