ਮਾਂਟਰੀਅਲ, 22 ਜੁਲਾਈ (ਪੋਸਟ ਬਿਊਰੋ): ਨਿਊਯਾਰਕ ਵਿੱਚ ਲਾਪਤਾ ਹੋਣ ਦੀ ਰਿਪੋਰਟ ਤੋਂ ਬਾਅਦ ਮ੍ਰਿਤਕ ਪਾਈ ਗਈ 9 ਸਾਲਾ ਮਾਂਟਰੀਅਲ ਲੜਕੀ ਦੇ ਪਿਤਾ ਨੂੰ ਸੋਮਵਾਰ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ 'ਤੇ ਸੈਕਿੰਡ ਡਿਗਰੀ ਦੇ ਕਤਲ ਅਤੇ ਲਾਸ਼ ਨੂੰ ਲੁਕਾਉਣ ਦਾ ਦੋਸ਼ ਲਾਇਆ ਗਿਆ ਹੈ। ਮੁਲਜ਼ਮ ਲੂਸੀਆਨੋ ਫ੍ਰੈਟੋਲਿਨ ਨੇ ਕਥਿਤ ਤੌਰ 'ਤੇ ਆਪਣੀ ਧੀ ਦਾ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਨੂੰ ਅਮਰੀਕਾ ਦੇ ਦੂਰ-ਦੁਰਾਡੇ ਖੇਤਰ ਵਿੱਚ ਛੱਡ ਦਿੱਤਾ ਸੀ।
ਨਿਊਯਾਰਕ ਸਟੇਟ ਪੁਲਿਸ ਨੇ ਕਿਹਾ ਕਿ ਵਾਰਨ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਅਧਿਕਾਰੀਆਂ ਨੂੰ ਸ਼ਨੀਵਾਰ ਰਾਤ 10 ਵਜੇ ਦੇ ਕਰੀਬ ਈਟੀ 'ਤੇ ਇੱਕ ਵਿਅਕਤੀ ਦਾ ਫੋਨ ਆਇਆ ਜਿਸ ਨੇ ਕਿਹਾ ਕਿ ਉਸਦੀ ਧੀ ਲੇਕ ਜਾਰਜ ਵਿੱਚ ਹਾਈਵੇਅ -87 ਦੇ ਐਗਜ਼ਿਟ 22 ਦੇ ਖੇਤਰ ਤੋਂ ਲਾਪਤਾ ਹੈ। ਉਨ੍ਹਾਂ ਨੇ ਕਿਹਾ ਕਿ ਬੱਚੀ ਦੀ ਪਛਾਣ ਮੇਲੀਨਾ ਫ੍ਰੈਟੋਲਿਨ ਅਤੇ ਉਸਦੇ ਪਿਤਾ ਦੀ 45 ਸਾਲਾ ਲੂਸੀਆਨੋ ਫ੍ਰੈਟੋਲਿਨ ਵਜੋਂ ਹੋਈ ਹੈ। ਬਾਅਦ ਵਿੱਚ ਦੋਵਾਂ ਦੇ ਮਾਂਟਰੀਅਲ ਨਿਵਾਸੀ ਹੋਣ ਦੀ ਪੁਸ਼ਟੀ ਹੋਈ।
ਨਿਊਯਾਰਕ ਸਟੇਟ ਪੁਲਿਸ ਦੇ ਬਿਊਰੋ ਆਫ਼ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਕਪਤਾਨ ਰੌਬਰਟ ਮੈਕਕੋਨੇਲ ਨੇ ਸੋਮਵਾਰ ਸਵੇਰੇ ਦੱਸਿਆ ਕਿ ਪਿਤਾ ਅਤੇ ਧੀ 11 ਜੁਲਾਈ ਤੋਂ ਸੰਯੁਕਤ ਰਾਜ ਅਮਰੀਕਾ ਵਿੱਚ ਛੁੱਟੀਆਂ 'ਤੇ ਸਨ। ਮੇਲੀਨਾ ਆਪਣੀ ਮਾਂ ਨਾਲ ਪੂਰਾ ਸਮਾਂ ਰਹਿੰਦੀ ਸੀ ਅਤੇ ਜਦੋਂ ਫ੍ਰੈਟੋਲਿਨ ਕੈਨੇਡਾ ਵਿੱਚ ਸੀ ਤਾਂ ਬੱਚੀ ਨੂੰ ਮਿਲਣ ਜਾਂਦੀ ਸੀ। ਪੁਲਿਸ ਨੇ ਕਿਹਾ ਕਿ ਮਾਪੇ 2019 ਤੋਂ ਵੱਖ ਰਹਿ ਰਹੇ ਸਨ। ਮੈਕਕੋਨੇਲ ਨੇ ਦੱਸਿਆ ਫ੍ਰੈਟੋਲਿਨ ਅਤੇ ਉਸਦੀ ਧੀ ਦੇ ਸ਼ਨੀਵਾਰ 19 ਜੁਲਾਈ ਨੂੰ ਕੈਨੇਡਾ ਵਾਪਸ ਆਉਣ ਦੀ ਉਮੀਦ ਸੀ। ਇਸ ਤੋਂ ਬਾਅਦ ਮੇਲੀਨਾ ਨੂੰ ਮਾਂਟਰੀਅਲ ਵਿੱਚ ਉਸਦੀ ਮਾਂ ਦੀ ਕਸਟਡੀ ਵਿੱਚ ਵਾਪਸ ਭੇਜਿਆ ਜਾਣਾ ਸੀ।
ਮੈਕਕੋਨੇਲ ਦੇ ਅਨੁਸਾਰ, ਸ਼ਨੀਵਾਰ ਸ਼ਾਮ 5:30 ਵਜੇ ਸੀਸੀਟੀਵੀ ਫੁਟੇਜ ਵਿੱਚ ਲੜਕੀ ਅਤੇ ਉਸਦੇ ਪਿਤਾ ਨੂੰ ਸਾਰਾਟੋਗਾ ਸਪ੍ਰਿੰਗਜ਼, ਨਿਊ ਯਾਰਕ ਵਿੱਚ ਦੇਖਿਆ ਗਿਆ। ਸ਼ਾਮ 6:30 ਵਜੇ ਈਟੀ ਦੇ ਨੇੜੇ, ਮੇਲੀਨਾ ਨੇ ਆਪਣੀ ਮਾਂ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਉਸਨੂੰ ਦੱਸਿਆ ਕਿ ਉਹ ਕੈਨੇਡਾ ਵਾਪਸ ਆ ਰਹੇ ਹਨ। ਬੱਚੀ ਚੰਗੀ ਸਿਹਤ ਵਿੱਚ ਜਾਪਦੀ ਸੀ।
ਉਸ ਕਾਲ ਤੋਂ ਕੁਝ ਸਮੇਂ ਬਾਅਦ ਅਤੇ ਫਰੈਟੋਲਿਨ ਵੱਲੋ ਪੁਲਿਸ ਨੂੰ ਕਾਲ ਕਰਨ ਤੋਂ ਪਹਿਲਾਂ, ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ ਧੀ ਦਾ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਨੂੰ ਇੱਕ ਦੂਰ-ਦੁਰਾਡੇ ਖੇਤਰ ਵਿੱਚ ਛੱਡ ਦਿੱਤਾ। ਮੇਲੀਨਾ ਐਤਵਾਰ ਨੂੰ ਲਗਭਗ 1:50 ਵਜੇ ਈਟੀ 'ਤੇ ਨਿਊਯਾਰਕ-ਵਰਮੋਂਟ ਸਰਹੱਦ ਦੇ ਨੇੜੇ, ਝੀਲ ਜਾਰਜ ਤੋਂ ਲਗਭਗ 50 ਕਿਲੋਮੀਟਰ ਪੂਰਬ ਵਿੱਚ, ਟਿਕੋਂਡੇਰੋਗਾ, ਨਿਊ ਯਾਰਕ ਵਿੱਚ ਇੱਕ ਤਲਾਅ ਦੇ ਵਿੱਚ ਮ੍ਰਿਤਕ ਪਾਈ ਗਈ। ਵਾਰਨ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਸ਼ੁਰੂ ਵਿੱਚ ਜਾਂਚ ਦੀ ਅਗਵਾਈ ਕੀਤੀ ਅਤੇ ਇਸਨੂੰ ਨਿਊਯਾਰਕ ਸਟੇਟ ਪੁਲਿਸ ਨੂੰ ਟ੍ਰਾਂਸਫਰ ਕਰ ਦਿੱਤਾ।