ਜਲੰਧਰ, 25 ਨਵੰਬਰ (ਪੋਸਟ ਬਿਊਰੋ): ਫਿਲੌਰ ਦੀ ਅਦਾਲਤ ਨੇ ਮਾਡਲ ਤੋਂ ਪੰਜਾਬੀ ਅਦਾਕਾਰਾ ਬਣੀ ਹਿਮਾਂਸ਼ੀ ਖੁਰਾਣਾ ਦੇ ਪਿਤਾ ਕੁਲਦੀਪ ਖੁਰਾਣਾ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਹੈ। ਗੁਰਾਇਆ ਵਿੱਚ ਕਰੀਬ 5 ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਡਿਊਟੀ ’ਤੇ ਮੌਜੂਦ ਨਾਇਬ ਤਹਿਸੀਲਦਾਰ ਨਾਲ ਕੁੱਟਮਾਰ ਕਰਨ ਅਤੇ ਗਾਲੀ ਗਲੋਚ ਕਰਨ ਦੇ ਦੋਸ਼ ਹੇਠ ਕੁਲਦੀਪ ਖੁਰਾਣਾ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਜਿਸ ਤਹਿਤ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਜੇਲ੍ਹ ਭੇਜਣ ਦਾ ਫੈਸਲਾ ਸੁਣਾਇਆ ਸੀ। ਗੁਰਾਇਆ ਥਾਣੇ ਦੇ ਐੱਸਐੱਚਓ ਪਲਵਿੰਦਰ ਸਿੰਘ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਡਿਊਟੀ ਦੌਰਾਨ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।
ਐਸਐਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਨੇ 5 ਮਹੀਨੇ ਪਹਿਲਾਂ ਉਨ੍ਹਾਂ ਕੋਲ ਸਿ਼ਕਾਇਤ ਦਰਜ ਕਰਵਾਈ ਸੀ। ਜਦੋਂ ਉਹ ਆਪਣੀ ਡਿਊਟੀ ਲਈ ਦਫ਼ਤਰ ਤੋਂ ਜਾ ਰਹੇ ਸਨ ਤਾਂ ਦੂਜੇ ਪਾਸਿਓਂ ਕੁਲਦੀਪ ਖੁਰਾਣਾ ਆ ਗਿਆ ਅਤੇ ਗਾਲ੍ਹਾਂ ਕੱਢਣ ਲੱਗ ਪਿਆ। ਇਸ ਦੌਰਾਨ ਉਨ੍ਹਾਂ ਨਾਲ ਮੌਜੂਦ ਇੱਕ ਮੁਲਾਜ਼ਮ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਲਈ। ਉਕਤ ਵੀਡੀਓ ਦੇ ਆਧਾਰ 'ਤੇ ਪੁਲਸ ਨੇ ਕੁਲਦੀਪ ਖੁਰਾਣਾ ਖਿਲਾਫ ਮਾਮਲਾ ਦਰਜ ਕੀਤਾ ਸੀ।