-ਮਹਿੰਦਰ ਸਾਥੀ ਮੰਚ ਵੱਲੋਂ ਸਲਾਨਾ ਪੁਰਸਕਾਰਾਂ ਦਾ ਐਲਾਨ
ਮੋਗਾ, 2 ਅਕਤੂਬਰ (ਗਿਆਨ ਸਿੰਘ): ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਕਰਵਾਏ ਜਾਣ ਵਾਲੇ ਸਲਾਨਾ ਸਮਾਗਮ ਵਿੱਚ ਇਸ ਵਾਰ ਸ਼ੇਰ ਜੰਗ ਜਾਂਗਲੀ ਪੁਰਸਕਾਰ ਪ੍ਰਸਿੱਧ ਨਾਟਕਕਾਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਅਤੇ ਮੰਚ ਦੇ ਧਨੀ ਡਾਕਟਰ ਸਤੀਸ਼ ਕੁਮਾਰ ਵਰਮਾ ਨੂੰ ਅਤੇ ਸਵਰਗੀ ਮਲਕੀਅਤ ਸਿੰਘ ਬਰਾੜ ਯਾਦਗਾਰੀ ਪੁਰਸਕਾਰ ਪੰਜਾਬੀ ਦੇ ਨਾਮਵਰ ਸ਼ਾਇਰ ਹਰਮੀਤ ਵਿਦਿਆਰਥੀ ਨੂੰ ਪ੍ਰਦਾਨ ਕੀਤਾ ਜਾਵੇਗਾ। ਇਹ ਪੁਰਸਕਾਰ ਦਸੰਬਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਡੀ ਐਮ ਕਾਲਜ ਮੋਗਾ ਵਿਖੇ ਕਰਵਾਏ ਜਾਣ ਵਾਲੇ ਵਿਸ਼ਾਲ ਸਾਹਿਤਕ ਸਮਾਗਮ ਵਿਚ ਦਿੱਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਮੰਚ ਦੇ ਜਨਰਲ ਸਕੱਤਰ ਰਣਜੀਤ ਸਰਾਵਾਲੀ ਨੇ ਦੱਸਿਆ ਸਮਾਗਮ ਅਤੇ ਪੁਰਸਕਾਰਾਂ ਬਾਰੇ ਫੈਸਲਾ ਮੰਚ ਦੇ ਪ੍ਰਧਾਨ ਗੁਰਮੀਤ ਕੜਿਆਲਵੀ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਕੀਤਾ ਗਿਆ। ਇਸ ਮੀਟਿੰਗ ਵਿਚ ਸੀਨੀਅਰ ਮੀਤ ਪ੍ਰਧਾਨ ਨਵਨੀਤ ਸਿੰਘ ਸੇਖਾ, ਗੁਰਪ੍ਰੀਤ ਧਰਮਕੋਟ, ਸੀਨੀਅਰ ਕਾਰਜਕਰਨੀ ਮੈਂਬਰ ਅਮਰਪ੍ਰੀਤ ਕੌਰ ਸੰਘਾ ਅਤੇ ਧਾਮੀ ਗਿੱਲ ਆਦਿ ਸ਼ਾਮਿਲ ਹੋਏ।
ਸਲਾਨਾ ਸਮਾਗਮ ਸਮੇਂ ਕੀਤੇ ਜਾਣ ਵਾਲੇ ਕਵੀ ਦਰਬਾਰ ਵਿੱਚ ਸੱਦੇ ਜਾਣ ਵਾਲੇ ਕਵੀਆਂ ਦਾ ਵੀ ਫੈਸਲਾ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਚਿੰਤਕ ਡਾਕਟਰ ਸੁਖਦੇਵ ਸਿੰਘ ਸਿਰਸਾ ਹੋਣਗੇ ਅਤੇ ਸਮਾਗਮ ਦੀ ਪ੍ਰਧਾਨਗੀ ਜਿਲਾ ਭਾਸ਼ਾ ਅਫਸਰ ਡਾਕਟਰ ਅਜੀਤਪਾਲ ਸਿੰਘ, ਨਾਮਵਰ ਵਿਅੰਗਕਾਰ ਕੇ ਐਲ ਗਰਗ ਅਤੇ ਸ਼ਾਇਰਾ ਨੀਤੂ ਅਰੋੜਾ ਵੱਲੋਂ ਕੀਤੀ ਜਾਵੇਗੀ। ਸਾਹਿਤ ਦੇ ਖੇਤਰ ਦੀਆਂ ਹੋਰ ਬਹੁਤ ਪ੍ਰਸਿੱਧ ਹਸਤੀਆਂ ਇਸ ਸਮਾਗਮ ਦੀ ਸ਼ੋਭਾ ਵਧਾਉਣਗੀਆਂ। ਕਵੀ ਦਰਬਾਰ ਵਿੱਚ ਪੰਜਾਬ ਦੇ ਨਾਮਵਰ ਸ਼ਾਇਰਾਂ ਵੱਲੋਂ ਆਪਣਾ ਕਲਾਮ ਪੇਸ਼ ਕੀਤਾ ਜਾਵੇਗਾ।