-19 ਤੋਂ 23 ਸਤੰਬਰ ਤੱਕ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਸਰੋਤਿਆਂ ਦੇ ਰੂਬਰੂ ਹੋਣਗੀਆਂ
ਫਰੀਦਕੋਟ, 9 ਸੰਤਬਰ (ਗਿਆਨ ਸਿੰਘ): ਬਾਬਾ ਸ਼ੇਖ ਫਰੀਦ ਆਗਮਨ ਪੁਰਬ-2024 ਦੌਰਾਨ ਭਾਸ਼ਾ ਵਿਭਾਗ ਪੰਜਾਬ ਅਤੇ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ (ਰਜਿ.) ਫਰੀਦਕੋਟ ਵੱਲੋਂ ਕਰਵਾਏ ਜਾਣ ਵਾਲੇ ਬਾਬਾ ਫਰੀਦ ਸਾਹਿਤ ਮੇਲੇ ਦਾ ਕਲੰਡਰ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, ਐਸ.ਡੀ.ਐਮ. ਕੋਟਕਪੂਰਾ ਵੀਰਪਾਲ ਕੌਰ, ਜਿਲ੍ਹਾ ਭਾਸ਼ਾ ਅਫਸਰ ਮਨਜੀਤ ਪੁਰੀ, ਜਿ਼ਲ੍ਹਾ ਲੋਕ ਸੰਪਰਕ ਅਫਸਰ ਅਮਰੀਕ ਸਿੰਘ ਅਤੇ ਅਮਨਪ੍ਰੀਤ ਸਿੰਘ ਭਾਣਾ ਪ੍ਰਧਾਨ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ (ਰਜਿ.) ਫਰੀਦਕੋਟ ਵੱਲੋਂ ਸਾਂਝੇ ਤੌਰ ਤੇ ਜਾਰੀ ਕੀਤਾ ਗਿਆ। ਇਹ ਮੇਲਾ ਪੰਜਾਬੀ ਸਾਹਿਤ ਜਗਤ ਦੀ ਨਾਮਵਰ ਹਸਤੀ ਸਵ. ਸੁਰਜੀਤ ਪਾਤਰ ਜੀ ਨੂੰ ਸਮਰਪਿਤ ਹੋਵੇਗਾ। ਮਿਤੀ 19 ਤੋਂ 23 ਸਤੰਬਰ ਤੱਕ ਪੰਜ ਦਿਨ ਚੱਲਣ ਵਾਲੇ ਇਸ ਮੇਲੇ ਵਿੱਚ ਪੰਜਾਬੀ ਸਾਹਿਤ ਦੀਆਂ ਵੱਖ ਵੱਖ ਵੰਨਗੀਆਂ ਸਰੋਤਿਆਂ ਦੇ ਰੂਬਰੂ ਹੋਣਗੀਆਂ ਅਤੇ ਪੰਜ ਦਿਨ ਚੱਲਣ ਵਾਲੇ ਪੁਸਤਕ ਮੇਲੇ ਵਿੱਚ ਲਗਭਗ 100 ਦੇ ਕਰੀਬ ਪ੍ਰਕਾਸ਼ਕ ਹਿੱਸਾ ਲੈਣਗੇ।
ਇਸ ਮੇਲੇ ਵਿੱਚ ਮਿਤੀ 19 ਤੋਂ 23 ਸਤੰਬਰ ਤੱਕ ਕਰਵਾਏ ਜਾ ਰਹੇ ਪੰਜ ਰੋਜ਼ਾ ਪੁਸਤਕ ਮੇਲੇ ਦਾ ਉਦਘਾਟਨ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਕਰਨਗੇ ਅਤੇ ਜਸਵੰਤ ਸਿੰਘ ਜ਼ਫ਼ਰ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਇਸ ਪੰਜ ਰੋਜ਼ਾ ਸਾਹਿਤ ਮੇਲੇ ਵਿੱਚ ਪੰਜਾਬੀ ਸਾਹਿਤ ਦੀਆਂ ਨਾਮਵਰ ਹਸਤੀਆਂ ਸਰੋਤਿਆਂ ਦੇ ਰੂਬਰੂ ਹੋਣਗੀਆਂ, ਜਿੰਨਾ ਵਿੱਚ ਪੰਜਾਬੀ ਰੰਗਮੰਚ ਅਤੇ ਫਿਲਮਾਂ ਦੇ ਨਾਂਮਵਰ ਹਸਤਾਖਰ ਪ੍ਰਿੰਸ ਕੰਵਲਜੀਤ ਸਿੰਘ, ਪੰਜਾਬੀ ਦੇ ਉੱਘੇ ਚਿੰਤਕ ਤੇ ਕਵੀ ਡਾ. ਮਨਮੋਹਨ, ਪੰਜਾਬੀ ਸਿਨੇਮੇ ਦੇ ਉੱਘੇ ਸਕ੍ਰਿਪਟ ਰਾਇਟਰ ਅਤੇ ਨਿਰਦੇਸ਼ਕ ਜਤਿੰਦਰ ਮੌਹਰ, ਪੱਤਰਕਾਰੀ ਖੇਤਰ ਤੋਂ ਯਾਦਵਿੰਦਰ ਕਰਫ਼ਿਊ, ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਕਵੀ ਸਵਰਨਜੀਤ ਸਵੀ ਅਤੇ ਪੰਜਾਬੀ ਦੇ ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਦਾ ਨਾਮ ਵਿਸ਼ੇਸ਼ ਤੌਰ ਤੇ ਵਰਨਣਯੋਗ ਹੈ।
ਮਿਤੀ 22 ਸਤੰਬਰ ਨੂੰ ਹੋਣ ਵਾਲੇ ਕਵੀ ਦਰਬਾਰ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਦਰਜਨ ਦੇ ਕਰੀਬ ਕਵੀ ਹਿੱਸਾ ਲੈਣਗੇ, ਜਿੰਨਾ ਵਿੱਚ ਸਤਪਾਲ ਭੀਖੀ, ਸੁਸ਼ੀਲ ਦੁਸਾਂਝ, ਸ਼ਮਸ਼ੇਰ ਮੋਹੀ, ਹਰਮੀਤ ਵਿਦਿਆਰਥੀ ਗਰੁਸੇਵਕ ਲੰਬੀ, ਜਗਵਿੰਦਰ ਜੋਧਾ, ਦਰਸ਼ਨ ਬੁੱਟਰ, ਬਲਵਿੰਦਰ ਸੰਧੂ, ਮਨਦੀਪ ਔਲਖ, ਰੇਨੂੰ ਨਈਅਰ, ਰਿਸ਼ੀ ਹਿਰਦੇਪਾਲ, ਵਾਹਿਦ, ਵਿਜੇ ਵਿਵੇਕ ਦੇ ਨਾਮ ਸ਼ਾਮਿਲ ਹਨ। ਇਸ ਕਵੀ ਦਰਬਾਰ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ।
ਮਿਤੀ 19 ਅਤੇ 20 ਸਤੰਬਰ ਨੂੰ ਕਰਵਾਏ ਜਾਣ ਵਾਲੇ ਨਾਟਕਾਂ ਵਿੱਚ ਸਿਰਜਨਾ ਆਰਟ ਗਰੁੱਪ ਰਾਏਕੋਟ ਵੱਲੋਂ ਨਾਟਕ ਭਾਸ਼ਾ ਵਹਿੰਦਾ ਦਰਿਆ, ਸਾਰਥਕ ਰੰਗਮੰਚ ਪਟਿਆਲਾ ਵੱਲੋ ਕਰ ਲਓ ਘਿਓ ਨੂੰ ਭਾਂਡਾ, ਨਾਦ ਰੰਗਮੰਚ ਪਟਿਆਲਾ ਵੱਲੋਂ ਮਿਰਜ਼ਾ ਅਤੇ ਗੁਰਚੇਤ ਚਿੱਤਰਕਾਰ ਵੱਲੋਂ ਨਾਟਕ ਟੈਨਸ਼ਨ ਫਰੀ ਪੇਸ਼ ਕੀਤੇ ਜਾਣਗੇ।