ਅੰਮਿ੍ਰਤਸਰ, 29 ਮਈ (ਗਿਆਨ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼ ਇਨ ਸਿੱਖਇਜਮ, ਬਹਾਦਰਗੜ੍ਹ (ਪਟਿਆਲਾ) ਵਿਖੇ ਚਲਾਏ ਜਾ ਰਹੇ ਬੈਚੁਲਰ ਆਫ਼ ਮੈਨੇਜਮੈਂਟ ਸਟੱਡੀਜ਼ (ਗੁਰਦੁਆਰਾ ਮੈਨੇਜਮੈਂਟ) ਕੋਰਸ ਦੇ ਤੀਜੇ ਸਾਲ ਦੇ ਵਿਦਿਆਰਥੀਆਂ ਨੇ ਇਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ 28 ਦਿਨਾਂ ਦੀ ਪ੍ਰਬੰਧਕੀ ਸਿਖਲਾਈ ਮੁਕੰਮਲ ਕੀਤੀ। ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨ ਲਈ ਕੁਸ਼ਲ ਪ੍ਰਬੰਧਕ ਤਿਆਰ ਕਰਨ ਹਿੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਲਰਡ ਯੂਨੀਵਰਸਿਟੀ ਰਾਹੀਂ ਇਸ ਕੋਰਸ ਦੀ ਪਿਛਲੇ ਸਮੇਂ ਸ਼ੁਰੂਆਤ ਕੀਤੀ ਗਈ ਸੀ, ਜਿਸ ਦਾ ਮੰਤਵ ਸੰਸਾਰ ਭਰ ਵਿਚ ਗੁਰਦੁਆਰਾ ਸਾਹਿਬਾਨ ਲਈ ਸੁਯੋਗ ਪ੍ਰਬੰਧਕ ਤਿਆਰ ਕਰਨਾ ਹੈ। ਇਸ ਕੋਰਸ ਦੌਰਾਨ ਵਿਦਿਆਰਥੀਆਂ ਨੂੰ ਪ੍ਰਬੰਧਕੀ ਸਿਖਲਾਈ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਅਤੇ ਰੋਜ਼ਾਨਾ ਦੀ ਮਰਯਾਦਾ ਦਾ ਅਭਿਆਸ ਕਰਵਾਇਆ ਜਾਂਦਾ ਹੈ। ਇਸ ਦੇ ਨਾਲ ਹੀ ਗੁਰਬਾਣੀ, ਗੁਰ-ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਵਿਚ ਦਰਸਾਈਆਂ ਪ੍ਰਬੰਧਕੀ ਅੰਤਰ-ਦਿ੍ਰਸ਼ਟੀਆਂ ਬਾਰੇ ਵੀ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ ਅਤੇ ਕੋਰਸ ਦੌਰਾਨ ਵੱਖ-ਵੱਖ ਸਮੇਂ ਪ੍ਰਬੰਧਕੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇਸੇ ਤਹਿਤ ਹੀ ਤੀਸਰੇ ਸਾਲ ਦੇ ਵਿਦਿਆਰਥੀਆਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਬੰਧਕੀ ਕੰਮ-ਕਾਜ ਦੀ 28 ਦਿਨਾਂ ਸਿਖਲਾਈ ਦਿੱਤੀ ਗਈ।
ਅੱਜ ਇਨ੍ਹਾਂ ਵਿਦਿਆਰਥੀਆਂ ਦੀ ਟ੍ਰੇਨਿੰਗ ਦੇ ਆਖਰੀ ਦਿਨ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਸਥਿਤ ਇਕੱਤਰਤਾ ਹਾਲ ਵਿਚ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ ਵਿਦਿਆਰਥੀਆਂ ਨੂੰ ਸ਼ੁਭ ਇਛਾਵਾਂ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁਲਾਜ਼ਮਤ ਗੁਰੂ ਘਰ ਦੀ ਸੇਵਾ ਹੈ। ਇਸ ਸੇਵਾ ਨੂੰ ਤਨ ਮਨ ਨਾਲ ਕਰਨ ਵਾਲੇ ਗੁਰੂ ਦੇ ਦਰ ’ਤੇ ਪ੍ਰਵਾਨ ਚੜ੍ਹਦੇ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ ਤੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਵੀ ਵਿਦਿਆਰਥੀਆ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਜਿਸ ਆਸ ਨਾਲ ਇਹ ਕੋਰਸ ਸ਼ੁਰੂ ਕੀਤਾ ਗਿਆ ਸੀ, ਸੰਸਥਾ ਨੂੰ ਉਸ ਵਿਚ ਸਫ਼ਲਤਾ ਮਿਲ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਪ੍ਰਬੰਧਕੀ ਤਜ਼ਰਬੇ ਵਿੱਚੋਂ ਸਿੱਖ ਸੰਸਥਾ ਅਤੇ ਗੁਰ-ਅਸਥਾਨਾਂ ਦੀ ਸੇਵਾ ਸੰਭਾਲ ਲਈ ਕਈ ਪੱਖਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਮਕੌਰ ਸਿੰਘ, ਡਾ. ਅਮਰਦੀਪ ਕੌਰ, ਡਾ. ਸਤਿੰਦਰ ਸਿੰਘ, ਸਹਾਇਕ ਪ੍ਰੋਫੈਸਰ ਕਰਨਦੀਪ ਸਿੰਘ, ਸ. ਗੁਰਵਿੰਦਰ ਸਿੰਘ, ਇੰਚਾਰਜ ਸ. ਮੇਜਰ ਸਿੰਘ, ਮੈਨੇਜਰ ਸਰਦਾਰ ਨਰਿੰਦਰ ਸਿੰਘ ਹਾਜ਼ਰ ਸਨ।