ਲੁਧਿਆਣਾ, 29 ਮਈ (ਪੋਸਟ ਬਿਊਰੋ): ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਮੁੜ ਪੰਜਾਬ ਦੌਰੇ `ਤੇ ਹਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਲੁਧਿਆਣਾ ਦੇ ਦਾਖਾ ਦੀ ਦਾਣਾ ਮੰਡੀ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਡੀਆ ਗਠਜੋੜ ਦੀ ਸਰਕਾਰ ਬਣੀ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ। ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇਵਾਂਗੇ। ਕਿਸਾਨਾਂ ਨੂੰ 30 ਦਿਨਾਂ ਦੇ ਅੰਦਰ ਬੀਮੇ ਦੀ ਰਕਮ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ 4 ਜੂਨ ਨੂੰ ਦੇਸ਼ ਵਿਚ ਇੰਡੀਆ ਗਠਜੋੜ ਦੀ ਸਰਕਾਰ ਬਣੇਗੀ ।
ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਗਰੀਬ ਪਰਿਵਾਰਾਂ ਦੀ ਸੂਚੀ ਬਣਾਈ ਜਾਵੇਗੀ। ਸਰਕਾਰ ਇਨ੍ਹਾਂ ਪਰਿਵਾਰਾਂ ਦੀ ਬਜ਼ੁਰਗ ਬੀਬੀਆਂ ਦੇ ਖਾਤੇ ਵਿੱਚ ਹਰ ਸਾਲ 1 ਲੱਖ ਰੁਪਏ ਜਮ੍ਹਾਂ ਕਰਵਾਏਗੀ। ਭਾਰਤ ਸਰਕਾਰ ਹਰ ਮਹੀਨੇ ਉਨ੍ਹਾਂ ਦੇ ਖਾਤੇ ਵਿੱਚ 8500 ਰੁਪਏ ਜਮ੍ਹਾ ਕਰੇਗੀ। 5 ਜੁਲਾਈ ਨੂੰ ਕੰਮ ਸ਼ੁਰੂ ਹੋਵੇਗਾ।
ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ `ਚ ਨਸ਼ੇ ਦਾ ਮਸਲਾ ਹਾਲੇ ਵੀ ਹੈ ਅਤੇ ਵਧਦਾ ਜਾ ਰਿਹਾ ਹੈ। ਇਸ `ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਅਗਨੀਵੀਰ ਯੋਜਨਾ ਫੌਜ ‘ਤੇ ਹਮਲਾ ਹੈ। ਇਹ ਫੌਜ ਅਤੇ ਦੇਸ਼ ਦਾ ਅਪਮਾਨ ਹੈ। 4 ਜੂਨ ਨੂੰ ਅਗਨੀਵੀਰ ਸਕੀਮ ਨੂੰ ਪਾੜ ਕੇ ਡਸਟਬਿਨ ਵਿੱਚ ਸੁੱਟ ਦੇਵਾਂਗੇ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਚੋਣ ਸੰਵਿਧਾਨ ਨੂੰ ਬਚਾਉਣ ਲਈ ਹੈ।