ਨਵੀਂ ਦਿੱਲੀ, 22 ਮਈ (ਪੋਸਟ ਬਿਊਰੋ): ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ, ਜੋ 8 ਦਿਨਾਂ ਤੋਂ ਭਾਰਤ ਵਿੱਚ ਲਾਪਤਾ ਸਨ, ਬੁੱਧਵਾਰ ਨੂੰ ਕਲਕੱਤਾ ਦੇ ਇੱਕ ਫਲੈਟ ਵਿੱਚ ਮ੍ਰਿਤਕ ਮਿਲੇ। ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਨੇ ਕਲਕੱਤਾ ਪੁਲਸ ਦੇ ਹਵਾਲੇ ਨਾਲ ਇਸ ਦੀ ਪੁਸ਼ਟੀ ਕੀਤੀ ਹੈ।
ਕਲਕੱਤਾ ਪੁਲਸ ਨੇ ਦੱਸਿਆ ਕਿ ਸੰਸਦ ਮੈਂਬਰ ਅਨਵਾਰੁਲ ਦੀ ਲਾਸ਼ ਨਿਊ ਟਾਊਨ ਇਲਾਕੇ 'ਚ ਸ਼ੱਕੀ ਹਾਲਾਤਾਂ 'ਚ ਮਿਲੀ ਹੈ। ਪੁਲਸ ਨੇ ਇਸ ਮਾਮਲੇ 'ਚ 3 ਬੰਗਲਾਦੇਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਨਾਲ ਹੀ ਇਸ ਨੂੰ ਪਹਿਲਾਂ ਤੋਂ ਯੋਜਨਾਬੱਧ ਕਤਲ ਦੱਸਿਆ ਗਿਆ ਹੈ।
ਜਿ਼ਕਰਯੋਗ ਹੈ ਕਿ ਐਮਪੀ ਅਨਵਾਰੁਲ 12 ਮਈ ਨੂੰ ਇਲਾਜ ਲਈ ਕਲਕੱਤਾ ਆਏ ਸਨ। ਅਗਲੇ ਹੀ ਦਿਨ ਉਹ ਲਾਪਤਾ ਹੋ ਗਏ। ਅਨਵਾਰੁਲ ਦਾ ਫੋਨ ਵੀ 13 ਮਈ ਤੋਂ ਬੰਦ ਸੀ।
ਇਸ ਤੋਂ ਬਾਅਦ 17 ਮਈ ਨੂੰ ਉਨ੍ਹਾਂ ਦਾ ਫੋਨ ਬਿਹਾਰ ਦੇ ਕਿਸੇ ਇਲਾਕੇ 'ਚ ਕੁਝ ਸਮੇਂ ਲਈ ਸਵਿੱਚ ਆਨ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਫ਼ੋਨ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੰਦੇਸ਼ ਭੇਜੇ ਗਏ ਸਨ ਕਿ ਉਹ ਨਵੀਂ ਦਿੱਲੀ ਲਈ ਰਵਾਨਾ ਹੋ ਗਏ ਹਨ।