ਲੁਧਿਆਣਾ, 15 ਮਈ (ਗਿਆਨ ਸਿੰਘ): ਦੇਸ਼ ਭਗਤ ਯਾਦਗਾਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਲੁਧਿਆਣਾ ਦੇ ਜੰਮਪਲ, ਭਾਰਤ ਦੇ ਮਹਾਨ ਸਪੂਤ ਸੁਖਦੇਵ ਦੇ 118ਵੇਂ ਜਨਮਦਿਨ ਤੇ ਕਿਹਾ ਕਿ ਰਾਜਗੁਰੂ, ਸੁਖਦੇਵ, ਭਗਤ ਸਿੰਘ ਨੇ ਫਾਂਸੀ ਦੇ ਰੱਸੇ ਚੁੰਮ ਕੇ ਭਾਰਤ ਦੀ ਆਜ਼ਾਦੀ ਲਈ ਆਪਣੀ ਜਾਨ ਦੀ ਆਹੂਤੀ ਦਿੱਤੀ। ਉਹਨਾਂ ਕਿਹਾ ਕਿ ਅੱਜ ਆਜ਼ਾਦ ਭਾਰਤ ਦੇ ਵਾਸੀ ਉਨ੍ਹਾਂ ਦੇ ਭਾਰਤ ਪ੍ਰਤੀ ਸੁਪਨਿਆਂ ਨੂੰ ਸਾਕਾਰ ਕਰਨ ਲਈ ਪਹਿਰਾ ਦੇਣ। ਉਹਨਾਂ ਕਿਹਾ ਕਿ ਵੋਟ ਦਾ ਅਧਿਕਾਰ ਲੋਕਤੰਤਰ ਵਿੱਚ ਵੱਡੀ ਸ਼ਕਤੀ ਹੈ। ਤੁਹਾਡੀ ਵੋਟ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਮਜਬੂਤੀ ਲਈ ਹੋਵੇ। ਸ਼ਾਂਤੀ, ਵਿਕਾਸ ਅਤੇ ਖੁਸ਼ਹਾਲੀ ਲਈ ਹੋਵੇ। ਉਹਨਾਂ ਕਿਹਾ ਕਿ ਸਿਆਸੀ ਨੇਤਾ ਦਾ ਜੀਵਨ ਸਮਾਜ ਲਈ ਮਿਸਾਲ ਹੋਣਾ ਚਾਹੀਦਾ ਹੈ। ਸਿਆਸਤ ਸੇਵਾ ਹੈ। ਆਪਣੇ ਆਪ ਨੂੰ ਸਮਾਜ ਸੇਵਾ ਲਈ ਸਮਰਪਣ ਕਰਨਾ ਹੈ ਪਰ ਅੱਜ ਦੇਸ਼ ਅੰਦਰ ਸਿਆਸਤ ਵਪਾਰ ਬਣ ਗਈ ਹੈ, ਜੋ ਮਹਾਨ ਦੇਸ਼ ਭਗਤਾਂ, ਸੁਤੰਤਰਤਾ ਸੰਗਰਾਮੀਆਂ, ਸ਼ਹੀਦਾਂ ਦੀ ਸੋਚ ਦਾ ਅਪਮਾਨ ਹੈ।
ਬਾਵਾ ਨੇ ਕਿਹਾ ਕਿ ਲੋੜ ਹੈ ਦੇਸ਼ ਭਗਤਾਂ ਦੇ ਨਾਲ ਨਾਲ ਲਾਲ ਬਹਾਦਰ ਸ਼ਾਸਤਰੀ, ਭਾਰਤ ਦੇ ਰਾਸ਼ਟਰਪਤੀ ਰਹੇ ਡਾ. ਅਬਦੁਲ ਕਲਾਮ ਦਾ ਜੀਵਨ ਪੜੀਏ। ਉਹਨਾਂ ਕਿਹਾ ਕਿ ਦਿੱਲੀ ਸਾਰੇ ਜਾਂਦੇ ਹਨ ਪਰ ਸਵ. ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਗ੍ਰਹਿ ਵਿਖੇ ਜਾ ਕੇ ਜੇਕਰ ਕੁਝ ਦੇਖਾਂਗੇ, ਪੜਾਂਗੇ ਤਾਂ ਦੇਸ਼ ਭਗਤੀ, ਦੇਸ਼ ਪਿਆਰ, ਦੇਸ਼ ਸੇਵਾ ਦੇ ਅਰਥਾਂ ਦਾ ਪਤਾ ਲੱਗੇਗਾ। ਉਹਨਾਂ ਕਿਹਾ ਕਿ ਸ਼ਹੀਦ ਸੁਖਦੇਵ ਲੁਧਿਆਣੇ ਅਤੇ ਪੰਜਾਬੀਆਂ ਦਾ ਮਾਣ ਹੈ ਪਰ ਕੋਈ ਵੀ ਸਰਕਾਰ ਉਸਦੀ ਢੁੱਕਵੀ ਯਾਦ ਨਹੀਂ ਕਾਇਮ ਕਰ ਸਕੀ।