ਨਵੀਂ ਦਿੱਲੀ, 24 ਅਪ੍ਰੈਲ (ਪੋਸਟ ਬਿਊਰੋ): ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਭਾਰਤ ਦੀ ਆਲੋਚਨਾ ਕਰਨ ਲਈ ਪੱਛਮੀ ਮੀਡੀਆ ਦੀ ਨਿੰਦਾ ਕੀਤੀ ਹੈ। ਹੈਦਰਾਬਾਦ ਵਿੱਚ ਇੱਕ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਜੈਸ਼ੰਕਰ ਨੇ ਕਿਹਾ ਕਿ ਪੱਛਮੀ ਮੀਡੀਆ ਭਾਰਤੀ ਚੋਣਾਂ ਵਿੱਚ ਆਪਣੇ ਆਪ ਨੂੰ ਸਿਆਸੀ ਖਿਡਾਰੀ ਮੰਨਦਾ ਹੈ।
ਜੈਸ਼ੰਕਰ ਨੇ ਅੱਗੇ ਕਿਹਾ ਕਿ ਪੱਛਮੀ ਮੀਡੀਆ ਵਿੱਚ ਭਾਰਤ ਖਿਲਾਫ ਉੱਠੀਆਂ ਆਵਾਜ਼ਾਂ ਤੋਂ ਮੈਂ ਜਾਣੂ ਹਾਂ। ਜੇਕਰ ਉਹ ਲੋਕਤੰਤਰ ਦੀ ਆਲੋਚਨਾ ਕਰਦੇ ਹਨ, ਤਾਂ ਇਹ ਜਾਣਕਾਰੀ ਦੀ ਘਾਟ ਕਾਰਨ ਨਹੀਂ ਹੈ। ਉਹ ਅਜਿਹਾ ਇਸ ਲਈ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਦਾ ਭਾਰਤ ਦੀਆਂ ਚੋਣਾਂ 'ਤੇ ਅਸਰ ਪਵੇਗਾ। ਜੈਸ਼ੰਕਰ ਨੇ ਆਪਣੇ ਸੰਬੋਧਨ ਦੌਰਾਨ ਇੱਕ ਵਿਦੇਸ਼ੀ ਮੀਡੀਆ ਆਊਟਲੈਟ ਵਿੱਚ ਪ੍ਰਕਾਸਿ਼ਤ ਇੱਕ ਲੇਖ ਦਾ ਵੀ ਜਿ਼ਕਰ ਕੀਤਾ। ਉਨ੍ਹਾਂ ਕਿਹਾ ਕਿ ਇਕ ਲੇਖ 'ਚ ਲਿਖਿਆ ਗਿਆ ਸੀ ਕਿ ਭਾਰਤ 'ਚ ਇਨੀ ਗਰਮੀ ਹੈ, ਇਸ ਸਮੇਂ ਉਹ ਚੋਣਾਂ ਕਿਉਂ ਕਰਵਾ ਰਹੇ ਹਨ? ਇਸ 'ਤੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਸ ਗਰਮੀ 'ਚ ਵੀ ਭਾਰਤ 'ਚ ਵੋਟਿੰਗ ਦੀ ਮਾਤਰਾ ਤੁਹਾਡੇ ਨਾਲੋਂ ਜਿ਼ਆਦਾ ਹੈ। ਇਹ ਤੁਹਾਡੇ ਸਭ ਤੋਂ ਵੱਡੇ ਵੋਟਿੰਗ ਰਿਕਾਰਡ ਤੋਂ ਵੀ ਜਿ਼ਆਦਾ ਹੈ।