ਅਲੀਗੜ੍ਹ, 9 ਅਪ੍ਰੈਲ (ਪੋਸਟ ਬਿਊਰੋ) : ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਵਿੱਚ ਮਾਹੌਲ ਗਰਮਾਇਆ ਹੋਇਆ ਹੈ। ਚੋਣ ਜਿੱਤਣ ਲਈ ਉਮੀਦਵਾਰ ਨਵੇਂ-ਨਵੇਂ ਹੱਥਕੰਡੇ ਅਪਣਾ ਰਹੇ ਹਨ। ਇਸ ਕੜੀ 'ਚ ਯੂਪੀ ਦੇ ਅਲੀਗੜ੍ਹ 'ਚ ਇਕ ਉਮੀਦਵਾਰ ਨੇ ਅਜਿਹਾ ਕੁੱਝ ਕੀਤਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਕਿਸੇ ਨੂੰ ਸਜ਼ਾ ਦੇਣ ਜਾਂ ਅਪਮਾਨਿਤ ਕਰਨ ਲਈ ਚੱਪਲਾਂ ਦੀ ਮਾਲਾ ਪਹਿਨਾਈ ਜਾਂਦੀ ਹੈ। ਪਰ ਅਲੀਗੜ੍ਹ ਤੋਂ ਆਜ਼ਾਦ ਲੋਕ ਸਭਾ ਉਮੀਦਵਾਰ ਪੰਡਤ ਕੇਸ਼ਵ ਦੇਵ ਗੌਤਮ ਨੇ ਚੱਪਲਾਂ ਦੀ ਮਾਲਾ ਪਾ ਕੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਹਰ ਕੋਈ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਹ ਫੁੱਲਾਂ ਦੇ ਮਾਲਾ ਦੀ ਬਜਾਏ ਚੱਪਲਾਂ ਦੇ ਹਾਰ ਪਾ ਕੇ ਵੋਟਾਂ ਮੰਗਦਾ ਨਜ਼ਰ ਆਇਆ।
ਦਰਅਸਲ, ਪੰਡਤ ਕੇਸ਼ਵ ਦੇਵ ਨੂੰ ਆਜ਼ਾਦ ਉਮੀਦਵਾਰ ਵਜੋਂ ਚੱਪਲਾਂ ਦਾ ਚੋਣ ਨਿਸ਼ਾਨ ਮਿਿਲਆ ਹੈ। ਕੇਸ਼ਵ ਦੇਵ ਨੇ ਖੁਦ ਚੱਪਲਾਂ ਦੇ ਚੋਣ ਨਿਸ਼ਾਨ ਲਈ ਅਪਲਾਈ ਕੀਤਾ ਸੀ, ਜਿਸ ਤੋਂ ਬਾਅਦ ਉਹ ਆਪਣੇ ਗਲੇ 'ਚ 7 ਚੱਪਲਾਂ ਦਾ ਮਾਲਾ ਪਾ ਕੇ ਚੋਣ ਪ੍ਰਚਾਰ ਕਰ ਰਹੇ ਹਨ। ਉਹ ਭ੍ਰਿਸ਼ਟਾਚਾਰ ਦਾ ਵਿਰੋਧ ਕਰਨ ਕਰਕੇ ਵੀ ਸੁਰਖੀਆਂ ਵਿੱਚ ਰਹਿੰਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਪੰਡਤ ਕੇਸ਼ਵ ਦੇਵ ਇੱਕ ਆਰਟੀਆਈ ਕਾਰਕੁੰਨ ਹਨ। ਉਹ ਭਾਰਤੀ ਹਿੰਦੂ ਰਾਸ਼ਟਰ ਸੈਨਾ ਅਤੇ ਭ੍ਰਿਸ਼ਟਾਚਾਰ ਵਿਰੋਧੀ ਸੈਨਾ ਨਾਂ ਦੀਆਂ ਸੰਸਥਾਵਾਂ ਵੀ ਚਲਾਉਂਦੇ ਹਨ। ਉਹ ਦੋ ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਡਤ ਕੇਸ਼ਵਦੇਵ ਨੇ ਸ਼ਹਿਰ ਵਿਧਾਨ ਸਭਾ ਸੀਟ ਤੋਂ ਵਿਧਾਨ ਸਭਾ ਚੋਣ ਲੜੀ ਸੀ ਜਿੱਥੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।