ਉਦੈਪੁਰ, 7 ਅਪ੍ਰੈਲ (ਪੋਸਟ ਬਿਊਰੋ) : ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਜ਼ਿਲੇ ਦੇ ਅੰਬਮਾਤਾ ਥਾਣਾ ਖੇਤਰ 'ਚ ਇਕ ਆਵਾਰਾ ਕੁੱਤੇ ਦੇ ਹਮਲੇ 'ਚ 4 ਸਾਲ ਦੀ ਬੱਚੀ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਸਵੇਰੇ 4 ਸਾਲ ਦੀ ਬੱਚੀ ਰੇਸ਼ਮਾ ਅੰਬ ਮਾਤਾ ਥਾਣਾ ਖੇਤਰ 'ਚ ਇਕ ਦਰਗਾਹ ਕੋਲ ਬੈਠੀ ਸੀ। ਇਸ ਦੌਰਾਨ ਆਵਾਰਾ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਪੀੜਤਾ ਰਮਜ਼ਾਨ ਦੌਰਾਨ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੱਧ ਪ੍ਰਦੇਸ਼ ਤੋਂ ਇੱਥੇ ਆਈ ਸੀ।
ਅੰਬਮਾਤਾ ਥਾਣੇ ਦੇ ਹੈੱਡ ਕਾਂਸਟੇਬਲ ਰਣਜੀਤ ਸਿੰਘ ਨੇ ਦੱਸਿਆ ਕਿ ਲੜਕੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਆਵਾਰਾ ਕੁੱਤਿਆਂ ਦੇ ਹਮਲਿਆਂ 'ਚ ਬੱਚਿਆਂ ਦੀ ਮੌਤ ਹੋਣ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ ਅਤੇ ਅਜਿਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਕੇਂਦਰ ਨੇ 23 ਨਸਲਾਂ ਦੇ ਹਮਲਾਵਰ ਕੁੱਤਿਆਂ ਦੀ ਬਰੀਡਿੰਗ 'ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।