ਟੋਰਾਂਟੋ, 1 ਅਪਰੈਲ (ਪੋਸਟ ਬਿਊਰੋ) : ਸੋਮਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਐਲਾਨ ਕੀਤਾ ਕਿ ਇਸ ਫੈਡਰਲ ਬਜਟ ਵਿੱਚ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਲਈ ਫੰਡ ਵੀ ਰੱਖੇ ਜਾਣਗੇ ਜਿਨ੍ਹਾਂ ਰਾਹੀਂ ਦੇਸ਼ ਭਰ ਵਿੱਚ ਹਰ ਸਾਲ 400,000 ਵੱਧ ਬੱਚਿਆਂ ਨੂੰ ਖਾਣਾ ਮੁਹੱਈਆ ਕਰਵਾਇਆ ਜਾ ਸਕੇਗਾ।
ਟਰੂਡੋ ਵੱਲੋਂ ਇਹ ਐਲਾਨ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਤੇ ਫੈਮਿਲੀਜ਼ ਮੰਤਰੀ ਜੈਨਾ ਸੱਡਜ਼ ਦੀ ਹਾਜ਼ਰੀ ਵਿੱਚ ਟੋਰਾਂਟੋ ਵਿੱਚ ਬਜਟ ਤੋਂ ਪਹਿਲਾਂ ਵਾਲੇ ਲਿਬਰਲ ਸਰਕਾਰ ਦੇ ਟੂਰ ਵਿੱਚ ਕੀਤਾ ਗਿਆ। ਇਸ ਨੈਸ਼ਨਲ ਫੂਡ ਪ੍ਰੋਗਰਾਮ ਉੱਤੇ ਅਗਲੇ ਪੰਜ ਸਾਲਾਂ ਵਿੱਚ ਫੈਡਰਲ ਸਰਕਾਰ ਵੱਲੋਂ ਇੱਕ ਬਿਲੀਅਨ ਡਾਲਰ ਤੋਂ ਵੱਧ ਖਰਚੇ ਜਾਣਗੇ।ਹਾਲਾਂਕਿ ਸਿੱਖਿਆ ਫੈਡਰਲ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੀ ਪਰ ਨੈਸ਼ਨਲ ਪ੍ਰੋਗਰਾਮ ਰਾਹੀਂ ਓਟਵਾ, ਪ੍ਰੋਵਿੰਸਾਂ ਤੇ ਟੈਰੇਟਰੀਜ਼ ਨਾਲ ਭਾਈਵਾਲੀ ਕਰ ਸਕਦਾ ਹੈ। ਇਨ੍ਹਾਂ ਵਿੱਚੋਂ ਕਈ ਪਹਿਲਾਂ ਹੀ ਕਮਿਊਨਿਟੀ ਗਰੁੱਪਜ਼ ਨਾਲ ਰਲ ਕੇ ਕੰਮ ਕਰ ਰਹੇ ਹਨ।
ਲਿਬਰਲ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਆਉਣ ਦਾ ਲੰਮੇਂ ਸਮੇਂ ਤੋਂ ਵਾਅਦਾ ਕੀਤਾ ਹੋਇਆ ਸੀ ਤੇ ਟਰੂਡੋ ਨੇ 2021 ਦੀਆਂ ਚੋਣਾਂ ਵੀ ਇਸੇ ਤਹੱਈਏ ਨਾਲ ਲੜੀਆਂ ਗਈਆਂ ਸਨ। ਇਸ ਤੋਂ ਇਲਾਵਾ ਐਨਡੀਪੀ ਵੱਲੋਂ ਵੀ ਲਿਬਰਲ ਸਰਕਾਰ ਉੱਤੇ ਆਪਣੇ ਇਸ ਵਾਅਦੇ ਨੂੰ ਬਜਟ ਤੋਂ ਪਹਿਲਾਂ ਪੂਰਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ। ਫਰੀਲੈਂਡ ਵੱਲੋਂ 16 ਅਪਰੈਲ ਨੂੰ ਬਜਟ ਪੇਸ਼ ਕੀਤਾ ਜਾਵੇਗਾ।