ਟੋਰਾਂਟੋ, 1 ਮਾਰਚ (ਪੋਸਟ ਬਿਊਰੋ) : ਬਹੁਤੀਆਂ ਕੈਨੇਡੀਅਨ ਆਟੋ ਇੰਸ਼ੋਰੈਂਸ ਕੰਪਨੀਆਂ ਵੱਲੋਂ ਆਪਣੇ ਕਸਟਮਰਜ਼ ਨੂੰ ਚੋਰੀ ਤੋਂ ਬਚਣ ਲਈ ਆਪਣੀਆਂ ਗੱਡੀਆਂ ਵਿੱਚ ਟਰੈਕਿੰਗ ਡਿਵਾਈਸਿਜ਼ ਲਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਪਰ ਕੁੱਝ ਇੰਸ਼ੋਰੈਂਸ ਕੰਪਨੀਆਂ ਇਸ ਲਈ ਪੈਸੇ ਦੇਣ ਵਾਸਤੇ ਤਿਆਰ ਹਨ ਜਦਕਿ ਬਾਕੀ ਅਜਿਹਾ ਨਹੀਂ ਕਰਨਾ ਚਾਹੁੰਦੀਆਂ।
ਨਿਊਮਾਰਕਿਟ ਦੀ ਈਲੇਨ ਗੋਲਡਸਮਿੱਥ ਨੇ ਦੱਸਿਆ ਕਿ ਬਹੁਗਿਣਤੀ ਇੰਸ਼ੋਰੈਂਸ ਕੰਪਨੀਆਂ ਵੱਲੋਂ ਇਹੋ ਸਿਸਟਮ ਅਪਣਾਇਆ ਜਾਂਦਾ ਹੈ। ਉਸ ਨੇ ਆਖਿਆ ਕਿ ਜੇ ਉਹ ਉਸ ਦੀ ਗੱਡੀ ਵਿੱਚ ਟਰੈਕਿੰਗ ਡਿਵਾਈਸ ਲਵਾਉਣੀ ਚਾਹੁੰਦੇ ਹਨ ਤਾਂ ਉਹ ਵੀ ਪੈਸੇ ਦੇਣ ਲਈ ਤਿਆਰ ਹੈ। ਉਸ ਨੇ ਆਖਿਆ ਕਿ 90 ਫੀ ਸਦੀ ਸਮਾਂ ਉਸ ਦੀ ਗੱਡੀ ਉਸ ਦੇ ਲਾਕ ਲੱਗੇ ਗੈਰਾਜ ਵਿੱਚ ਖੜ੍ਹੀ ਰਹਿੰਦੀ ਹੈ।ਗੋਲਡਸਮਿੱਥ ਨੂੰ ਪਿੱਛੇ ਜਿਹੇ ਇੰਸ਼ੋਰੈਂਸ ਕੰਪਨੀ ਤੋਂ ਇੱਕ ਲੈਟਰ ਮਿਲਿਆ ਸੀ ਜਿਸ ਵਿੱਚ ਇਹ ਆਖਿਆ ਗਿਆ ਸੀ ਕਿ 2021 ਮਾਡਲ ਦੀ ਹੌਂਡਾ ਐਕੌਰਡ ਦੇ ਚੋਰੀ ਹੋਣ ਦਾ ਕਾਫੀ ਡਰ ਹੈ।
ਇਸੇ ਤਰ੍ਹਾਂ ਅਰਵਿੰਦਰ ਕਲਸੀ ਨੂੰ ਪਿਛਲੇ ਸਾਲ ਦੱਸਿਆ ਗਿਆ ਕਿ ਆਪਣੇ ਟਰੱਕ ਵਿੱਚ ਉਹ ਟਰੈਕਿੰਗ ਡਿਵਾਈਸ ਲਵਾਏ ਪਰ ਉਨ੍ਹਾਂ ਦੀ ਇੰਸ਼ੋਰੈਂਸ ਕੰਪਨੀ ਇਸ ਲਈ ਪੈਸੇ ਦੇਣ ਵਾਸਤੇ ਤਿਆਰ ਸੀ। ਇੰਸ਼ੋਰੈਂਸ ਬਿਊਰੋ ਆਫ ਕੈਨੇਡਾ (ਆਈਬੀਸੀ) ਅਨੁਸਾਰ ਕੈਨੇਡੀਅਨ ਆਟੋ ਇੰਸ਼ੋਰੈਂਸ ਕੰਪਨੀਆਂ ਨੇ ਪਿਛਲੇ ਪੰਜ ਸਾਲਾਂ ਵਿੱਚ ਆਟੋ ਚੋਰੀਆਂ ਵਿੱਚ 329 ਫੀ ਸਦੀ ਵਾਧਾ ਵੇਖਿਆ ਹੈ। 2022 ਵਿੱਚ ਹੀ ਕਾਰ ਚੋਰਾਂ ਦੀਆਂ ਵਧੀਆਂ ਸਰਗਰਮੀਆਂ ਕਾਰਨ ਇੱਕ ਬਿਲੀਅਨ ਡਾਲਰ ਦਾ ਨੁਕਸਾਨ ਹੋਇਆ। ਆਈਬੀਸੀ ਨੇ ਆਖਿਆ ਕਿ ਇੰਸ਼ੋਰੈਂਸ ਕੰਪਨੀਆਂ ਕਾਰਾਂ ਚੋਰੀ ਕਰਨ ਦੇ ਮਾਮਲਿਆਂ ਨੂੰ ਘਟਾਉਣਾ ਚਾਹੁੰਦੀਆਂ ਹਨ ਤੇ ਟਰੈਕਿੰਗ ਡਿਵਾਈਸ ਲੱਗੇ ਹੋਣ ਨਾਲ ਗੱਡੀ ਦੇ ਚੋਰੀ ਹੋਣ ਦੀ ਸੂਰਤ ਵਿੱਚ ਜਲਦੀ ਮਿਲਣ ਦੀ ਵੀ ਸੰਭਾਵਨਾ ਹੈ।