ਸਕਾਰਬਰੋ, 1 ਮਾਰਚ (ਪੋਸਟ ਬਿਊਰੋ) : ਇਸ ਹਫਤੇ ਦੇ ਸ਼ੁਰੂ ਵਿੱਚ ਸਕਾਰਬਰੋ ਵਿੱਚ ਇੱਕ ਬਜ਼ੁਰਗ ਮਹਿਲਾ ਦੇ ਮੂੰਹ ਉੱਤੇ ਪੈਲੇਟ ਗੰਨ ਨਾਲ ਸ਼ੌਟ ਮਾਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਜਾਂਚਕਾਰਾਂ ਦਾ ਕਹਿਣਾ ਹੈ ਕਿ 76 ਸਾਲਾ ਮਹਿਲਾ ਸਕਾਰਬਰੋ ਵਿੱਚ ਬੁੱਧਵਾਰ ਨੂੰ ਸਵੇਰੇ 11:30 ਵਜੇ ਮੈਕਲੈਵਿਨ ਐਵਨਿਊ ਤੇ ਨੀਲਸਨ ਰੋਡ ਇਲਾਕੇ ਵਿੱਚ ਤੁਰੀ ਜਾ ਰਹੀ ਸੀ ਜਦੋਂ ਇੱਕ ਮਸ਼ਕੂਕ ਨੇ ਪਿਛਲੇ ਪਾਸਿਓਂਂ ਆ ਕੇ ਉਸ ਮਹਿਲਾ ਦੇ ਮੂੰਹ ਉੱਤੇ ਪੈਲੇਟ ਗੰਨ ਨਾਲ ਕਈ ਸ਼ੌਟ ਮਾਰੇ।ਇਸ ਕਾਰੇ ਨੂੰ ਅੰਜਾਮ ਦੇਣ ਤੋਂ ਬਾਅਦ ਮਸ਼ਕੂਕ ਮੌਕੇ ਤੋਂ ਫਰਾਰ ਹੋ ਗਿਆ। ਮਹਿਲਾ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਤੇ ਪੁਲਿਸ ਨੇ ਆਖਿਆ ਕਿ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਤੇ ਵੀਰਵਾਰ ਸਵੇਰੇ ਮਹਿਲਾ ਆਪਣੇ ਘਰ ਵਿੱਚ ਹੀ ਆਰਾਮ ਕਰ ਰਹੀ ਸੀ।
ਪੁਲਿਸ ਦੇ ਇੱਕ ਸੂਤਰ ਨੇ ਦੱਸਿਆ ਕਿ ਅਧਿਕਾਰੀਆਂ ਨੇ ਮਸ਼ਕੂਕ ਨੂੰ ਹਮਲੇ ਵਾਲੀ ਥਾਂ ਦੇ ਨੇੜੇ ਸਥਿਤ ਘਰ ਤੋਂ ਵੀਰਵਾਰ ਸਵੇਰੇ 10:00 ਵਜੇ ਗ੍ਰਿਫਤਾਰ ਕੀਤਾ। ਇਲਾਕੇ ਵਿੱਚ ਲੱਗੇ ਹੋਏ ਸਕਿਊਰਿਟੀ ਕੈਮਰਿਆਂ ਦੀ ਮਦਦ ਨਾਲ ਡਿਟੈਕਟਿਵਜ਼ ਕਥਿਤ ਹਮਲਾਵਰ ਦੀ ਪੈੜ ਨੱਪਣ ਵਿੱਚ ਕਾਮਯਾਬ ਰਹੇ। ਜਾਂਚਕਾਰਾਂ ਨੇ ਆਖਿਆ ਕਿ ਅਜੇ ਤੱਕ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।