ਲੰਡਨ, 22 ਫਰਵਰੀ (ਪੋਸਟ ਬਿਊਰੋ): ਪੂਰਬੀ ਇੰਗਲੈਂਡ ਦੇ ਭਾਰਤੀ ਮੂਲ ਦੇ ਵਿਅਕਤੀ ਨੇ ਹਰਟਫੋਰਡਸ਼ਾਇਰ ਵਿੱਚ ਆਪਣੇ ਰੈਸਟੋਰੈਂਟ ਵਿੱਚ ਤਿੰਨ ਬੰਗਲਾਦੇਸ਼ੀ ਪ੍ਰਵਾਸੀਆਂ ਨੂੰ ਕੰਮ 'ਤੇ ਰੱਖਿਆ ਸੀ, ਜਿਸ ਕਾਰਨ ਹੁਣ ਉਸ 'ਤੇ ਸੱਤ ਸਾਲ ਦੀ ਪਾਬੰਦੀ ਲਗਾਈ ਗਈ ਹੈ। ਇਕਬਾਲ ਹੁਸੈਨ (51) ਨੇ ਹਰਟਫੋਰਡਸ਼ਾਇਰ ਦੇ ਸਟੈਨਸਟੇਡ ਐਬਟਸ ਖੇਤਰ ਵਿਚ ਸਥਿਤ 'ਟੇਸਟ ਆਫ ਰਾਜ' ਵਿਚ ਕਾਮਿਆਂ ਨੂੰ ਕੰਮ `ਤੇ ਰੱਖਿਆ ਸੀ। 2020 ਵਿੱਚ, ਜਦੋਂ ਇਮੀਗ੍ਰੇਸ਼ਨ ਇਨਫੋਰਸਮੈਂਟ ਅਧਿਕਾਰੀਆਂ ਨੇ ਰੈਸਟੋਰੈਂਟ ਵਿੱਚ ਛਾਪਾ ਮਾਰਿਆ ਸੀ, ਤਾਂ ਇਹ ਖੁਲਾਸਾ ਹੋਇਆ ਸੀ ਕਿ ਇਹ ਕਰਮਚਾਰੀ ਗੈਰ-ਕਾਨੂੰਨੀ ਬੰਗਲਾਦੇਸ਼ੀ ਸਨ।
ਬ੍ਰਿਟੇਨ ਦੀ ਲਿਕਵਿਡੇਸ਼ਨ ਸਰਵਿਸ ਨੇ ਮੰਗਲਵਾਰ ਨੂੰ ਕਿਹਾ ਕਿ ਜਾਂਚ ਤੋਂ ਬਾਅਦ ਹੁਸੈਨ ਨੂੰ 2031 ਤੱਕ ਕਾਰੋਬਾਰ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦੱਸ ਦੇਈਏ ਕਿ ਐਨਫੀਲਡ ਦਾ ਰਹਿਣ ਵਾਲਾ ਇਕਬਾਲ ਹੁਸੈਨ ਜੂਨ 2014 ਤੋਂ ਟੈਂਡਰ ਲਵ ਲਿਮਟਿਡ ਕੰਪਨੀ ਦੇ ਨਾਂ ਹੇਠ ਕਾਰੋਬਾਰ ਕਰ ਰਹੇ ਰੈਸਟੋਰੈਂਟ ਦਾ ਇਕਲੌਤਾ ਡਾਇਰੈਕਟਰ ਸੀ।