ਕੰਧਾਰ, 19 ਫਰਵਰੀ, (ਪੋਸਟ ਬਿਊਰੋ): ਤਾਲਿਬਾਨ ਹਮੇਸ਼ਾ ਹੀ ਫੁਰਮਾਨ ਜਾਰੀ ਕਰਨ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ। ਤਲਿਬਾਨ ਔਰਤਾਂ ਅਤੇ ਘੱਟ ਗਿਣਤੀਆਂ ਨੂੰ ਲੈ ਕੇ ਕਈ ਤਰ੍ਹਾਂ ਦੇ ਫੁਰਮਾਨ ਜਾਰੀ ਕਰਨ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ, ਹੁਣ ਇਕ ਹੋਰ ਅਜੀਬ ਹੁਕਮ ਜਾਰੀ ਕਰਦੇ ਹੋਏ ਜਿਉਂਦੇ ਵਿਅਕਤੀ ਅਤੇ ਜਾਨਵਰਾਂ ਦੀ ਫੋਟੋ ਖਿੱਚਣ ਉਤੇ ਰੋਕ ਲਗਾਈ ਹੈ।
ਫੌਜ ਅਤੇ ਸਿਵਿਲ ਅਫਸਰਾਂ ਨੂੰ ਹੁਕਮ ਜਾਰੀ ਕਰਦੇ ਹੋਏ ਕੰਧਾਰ ਦੀ ਤਾਲਿਬਾਨ ਸਰਕਾਰ ਨੇ ਕਿਹਾ ਕਿ ਜਿਉਂਦੇ ਲੋਕਾਂ ਅਤੇ ਜਾਨਵਰਾਂ ਦੀਆਂ ਫੋਟੋ ਖਿੱਚਣਾ ਗਲਤ ਹਨ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਰੋਕਿਆ ਜਾਵੇ ਅਤੇ ਅਫਸਰ ਅਜਿਹਾ ਕਰਨਾ ਯਕੀਨੀ ਬਣਾਉਣਗੇ।
ਤਾਲਿਬਾਨ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜਿਉਂਦੇ ਲੋਕਾਂ ਦੀ ਫੋਟੋ ਜੇਕਰ ਖਿੱਚੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਹੋਰ ਸਾਮਾਨਾਂ ਦੇ ਮੁਕਾਬਲੇ ਜ਼ਿਆਦਾ ਨੁਕਸਾਨ ਪਹੁੰਚਦਾ ਹੈ। ਅਜਿਹੇ ਵਿੱਚ ਕਿਸੇ ਰਸ਼ਮੀ ਜਾਂ ਗੈਰ ਰਸਮੀ ਸੰਮੇਲਨਾਂ, ਮੀਟਿੰਗਾਂ ਅਤੇ ਹੋਰ ਪ੍ਰੋਗਰਾਮਾਂ ਵਿੱਚ ਲੋਕਾਂ ਦੀ ਫੋਟੋ ਨਾ ਖਿੱਚੀ ਜਾਵੇ। ਨਿਰਜੀਵ ਵਸਤੂਆਂ ਦੇ ਮੁਕਾਬਲੇ ਫੋਟੋ ਖਿੱਚਣ ਨਾਲ ਉਨ੍ਹਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਦਾ ਹੈ। ਇਹ ਨਿਯਮ ਸਰਕਾਰੀ ਆਯੋਜਨਾਂ ਉਤੇ ਵੀ ਲਾਗੂ ਹੋਵੇਗਾ ਅਤੇ ਕਿਸੇ ਵੀ ਮੀਟਿੰਗ ਆਦਿ ਦੀ ਫੋਟੋ ਨਹੀਂ ਲਈ ਜਾਵੇਗੀ। ਹਾਲਾਂ ਕਿ ਇਨ੍ਹਾਂ ਮੀਟਿੰਗਾਂ ਬਾਰੇ ਲਿਖਤੀ ਅਤੇ ਆਡੀਓ ਰਿਪੋਰਟ ਕੀਤੀ ਜਾ ਸਕਦੀ ਹੈ।
ਤਾਲਿਬਾਨ ਨੇ ਇਸਦਾ ਤਰਕ ਦਿੱਤਾ ਹੈ ਕਿ ਇਸਲਾਮਿਕ ਆਰਟ ਵਿੱਚ ਇਨਸਾਨਾਂ ਅਤੇ ਪਸ਼ੂਆਂ ਦੀ ਫੋਟੋ ਲੈਣ ਦੀ ਮਨਾਹੀ ਹੈ। ਕੰਧਾਰ ਦੇ ਗਵਰਨਰ ਦੇ ਬੁਲਾਰੇ ਨੇ ਇਸ ਬਾਰੇ ਦੱਸਿਆ ਕਿ ਅਜਿਹਾ ਹੁਕਮ ਜਾਰੀ ਕੀਤਾ ਗਿਆ ਹੈ। ਪ੍ਰੰਤੂ ਇਹ ਸਿਰਫ ਸਰਕਾਰੀ ਅਧਿਕਾਰੀਆਂ ਉਤੇ ਹੀ ਲਾਗੂ ਹੋਵੇਗਾ। ਜਦੋਂ ਕਿ ਇਹ ਫੈਸਲਾ ਆਮ ਲੋਕਾਂ ਅਤੇ ਆਜ਼ਾਦ ਮੀਡੀਆ ਉਤੇ ਲਾਗੂ ਨਹੀਂ ਹੈ।