ਮਾਂਟਰੀਅਲ, 15 ਫਰਵਰੀ (ਪੋਸਟ ਬਿਊਰੋ) : ਵੀਰਵਾਰ ਸਵੇਰੇ ਮਾਂਟਰੀਅਲ ਦੇ ਪੱਛਮ ਵੱਲ ਇੱਕ ਰਿਹਾਇਸ਼ੀ ਬਿਲਡਿੰਗ ਵਿੱਚ ਇੱਕ ਵਿਅਕਤੀ ਵੱਲੋਂ ਚਾਕੂ ਨਾਲ ਕੀਤੇ ਗਏ ਹਮਲੇ ਵਿੱਚ ਦੋ ਮਹਿਲਾਵਾਂ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਜ਼ਖ਼ਮੀ ਹੋ ਗਈ।
ਪੁਲਿਸ ਵੱਲੋਂ 44 ਸਾਲਾ ਮਸ਼ਕੂਕ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਸੂਤਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮ੍ਰਿਤਕ ਮਹਿਲਾਵਾਂ ਵਿੱਚੋਂ ਇੱਕ 68 ਸਾਲਾ ਮਹਿਲਾ ਤਾਂ ਮਸ਼ਕੂਕ ਦੀ ਮਾਂ ਹੀ ਸੀ ਜਦਕਿ ਦੋ ਹੋਰ ਮਹਿਲਾਵਾਂ ਇਸੇ ਰਿਹਾਇਸ਼ੀ ਬਿਲਡਿੰਗ ਵਿੱਚ ਰਹਿੰਦੀਆਂ ਸਨ।ਸੁਰੇਤੇ ਡੂ ਕਿਊਬਿਕ (ਐਸਕਿਊ) ਅਨੁਸਾਰ 68 ਤੇ 53 ਸਾਲਾ ਦੋਵਾਂ ਮਹਿਲਾਵਾਂ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।ਇਹ ਘਟਨਾ ਮਾਂਟਰੀਅਲ ਦੇ ਸਬਅਰਬ ਵਾਡਰੀਉਲ ਡਰੀਓਨ ਇਲਾਕੇ ਵਿੱਚ ਵਾਪਰੀ।
ਐਸਕਿਊ ਨੇ ਆਖਿਆ ਕਿ ਉਨ੍ਹਾ ਨੂੰ ਐਮਿਲ ਬੁਚਰਡ ਸਟਰੀਟ ਉੱਤੇ ਸਥਿਤ ਇਸ ਹਾਈਰਾਈਜ਼ ਬਿਲਡਿੰਗ ਵਿੱਚ ਦੁਪਹਿਰ ਤੋਂ ਠੀਕ ਪਹਿਲਾਂ ਸੱਦਿਆ ਗਿਆ ਤੇ ਉੱਥੇ ਉਨ੍ਹਾਂ ਨੂੰ ਤਿੰਨ ਮਹਿਲਾਵਾਂ ਛੁਰੇਬਾਜ਼ੀ ਕਾਰਨ ਜ਼ਖ਼ਮੀ ਹਾਲਤ ਵਿੱਚ ਮਿਲੀਆਂ।ਜ਼ਖ਼ਮੀ ਹੋਈ ਤੀਜੀ 70 ਸਾਲਾ ਮਹਿਲਾ ਨੂੰ ਨਾਜੁ਼ਕ ਹਾਲਤ ਵਿੱਚ ਮਾਂਟਰੀਅਲ ਦੇ ਹਸਪਤਾਲ ਲਿਜਾਇਆ ਗਿਆ। ਬਾਅਦ ਵਿੱਚ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ। ਐਸਕਿਊ ਨੇ ਦੱਸਿਆ ਕਿ ਮਸ਼ਕੂਕ ਨੂੰ ਵੀ ਮਾਮੂਲੀ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਭੇਜਿਆ ਗਿਆ ਤੇ ਬਾਅਦ ਵਿੱਚ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।