ਕਾਰਮੈਨ, ਮੈਨੀਟੋਬਾ, 12 ਫਰਵਰੀ (ਪੋਸਟ ਬਿਊਰੋ) : ਮੈਨੀਟੋਬਾ ਦੇ ਇੱਕ ਵਿਅਕਤੀ ਨੂੰ ਫਰਸਟ ਡਿਗਰੀ ਮਰਡਰ ਦੇ ਪੰਜ ਮਾਮਲਿਆਂ ਵਿੱਚ ਚਾਰਜ ਕੀਤਾ ਗਿਆ ਹੈ। ਮਾਰੇ ਗਏ ਲੋਕਾਂ ਵਿੱਚ ਦੋ ਮਹੀਨਿਆਂ ਦੀ ਬੱਚੀ ਸਮੇਤ ਦੋ ਹੋਰ ਨਿੱਕੇ ਬੱਚੇ, ਬੱਚਿਆਂ ਦੀ ਮਾਂ ਤੇ ਇੱਕ ਟੀਨੇਜਰ ਰਿਸ਼ਤੇਦਾਰ ਸ਼ਾਮਲ ਹਨ।
ਸੋਮਵਾਰ ਨੂੰ ਆਰਸੀਐਮਪੀ ਵੱਲੋਂ ਕੀਤੀ ਗਈ ਨਿਊਜ਼ ਕਾਨਫਰੰਸ ਵਿੱਚ ਇਸ ਘਟਨਾ ਦੇ ਵੇਰਵੇ ਦੱਸੇ ਗਏ। ਪ੍ਰੀਮੀਅਰ ਵੈਬ ਕਿਨਿਊ ਨੇ ਇਸ ਮੌਕੇ ਭਾਵੁਕ ਹੁੰਦਿਆਂ ਆਖਿਆ ਕਿ ਇਹ ਪੂਰੇ ਪ੍ਰੋਵਿੰਸ ਲਈ ਬਹੁਤ ਹੀ ਦੁਖੀ ਕਰ ਦੇਣ ਵਾਲੀ ਘਟਨਾ ਹੈ।ਇਸ ਘਟਨਾ ਨੂੰ ਅੰਜਾਮ ਦੇਣ ਵਾਲੇ 29 ਸਾਲਾ ਰਾਇਨ ਹੌਵਰਡ ਮੈਨਕੀਸਿੱਕ ਨੂੰ ਆਪਣੀ 30 ਸਾਲਾ ਕਾਮਨ ਲਾਅ ਪਾਰਟਨਰ, ਛੇ ਸਾਲਾ ਬੱਚੀ, ਚਾਰ ਸਾਲਾ ਲੜਕੇ ਤੇ ਦੋ ਮਹੀਨਿਆਂ ਦੀ ਬੱਚੀ ਦੇ ਨਾਲ ਨਾਲ ਬੱਚਿਆਂ ਦੀ ਮਾਂ ਦੀ 17 ਸਾਲਾ ਭਾਣਜੀ ਨੂੰ ਕਤਲ ਕਰਨ ਲਈ ਚਾਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਰੇ ਗਏ ਲੋਕਾਂ ਦੇ ਨਾਂਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ।
ਇਸ ਮਾਮਲੇ ਦੀ ਜਾਂਚ ਉਸ ਸਮੇਂ ਸ਼ੁਰੂ ਕੀਤੀ ਗਈ ਜਦੋਂ ਹਾਈਵੇਅ 3 ਉੱਤੇ ਹਿੱਟ ਐਂਡ ਰੰਨ ਮਾਮਲੇ ਦੀ ਜਾਣਕਾਰੀ ਦੇ ਕੇ ਐਤਵਾਰ ਸਵੇਰੇ ਪੁਲਿਸ ਨੂੰ ਸੱਦਿਆ ਗਿਆ।ਬੱਚਿਆਂ ਦੀ ਮਾਂ ਇੱਕ ਖੱਡ ਵਿੱਚ ਮ੍ਰਿਤਕ ਪਈ ਮਿਲੀ। ਇਸ ਤੋਂ ਦੋ ਘੰਟੇ ਬਾਅਦ ਉੱਤਰ ਵੱਲ 70 ਕਿਲੋਮੀਟਰ ਦੀ ਦੂਰੀ ਉੱਤੇ ਪੁਲਿਸ ਅਧਿਕਾਰੀਆਂ ਨੂੰ ਇੱਕ ਸੜਦੀ ਹੋਈ ਗੱਡੀ ਦੀ ਜਾਣਕਾਰੀ ਦੇ ਕੇ ਸੱਦਿਆ ਗਿਆ। ਆਰਸੀਐਮਪੀ ਨੇ ਆਖਿਆ ਕਿ ਮੈਨਕੀਸਿੱਕ ਨੂੰ ਤਿੰਨ ਬੱਚਿਆਂ ਨੂੰ ਗੱਡੀ ਵਿੱਚੋਂ ਕੱਢਦਿਆਂ ਵੇਖਿਆ ਗਿਆ। ਬੱਚਿਆਂ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਮੈਨਕੀਸਿੱਕ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।
ਅਗਲੇਰੀ ਜਾਂਚ ਦੌਰਾਨ ਪੁਲਿਸ ਅਧਿਕਾਰੀ ਕਾਰਮੈਨ ਦੇ ਇੱਕ ਘਰ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੂੰ ਟੀਨੇਜਰ ਦੀ ਲਾਸ਼ ਮਿਲੀ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।