ਓਟਵਾ, 7 ਫਰਵਰੀਂ(ਪੋਸਟ ਬਿਊਰੋ) : ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਬਾਰੇ ਅਲਟੀਮੇਟਮ ਦੇ ਦਿੱਤਾ ਗਿਆ ਹੈ ਕਿ ਜੇ ਪਹਿਲੀ ਮਾਰਚ ਤੱਕ ਫਾਰਮਾਕੇਅਰ ਸਬੰਧੀ ਕੋਈ ਠੋਸ ਬਿੱਲ ਪੇਸ਼ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਨਾਲ ਉਨ੍ਹਾਂ ਦੀ ਸਪਲਾਈ ਤੇ ਕੌਨਫੀਡੈਂਸ ਡੀਲ ਖ਼ਤਮ ਹੋ ਜਾਵੇਗੀ।
ਬੁੱਧਵਾਰ ਨੂੰ ਕੀਤੀ ਗਈ ਨਿਊਜ਼ ਕਾਨਫਰੰਸ ਵਿੱਚ ਜਗਮੀਤ ਸਿੰਘ ਨੇ ਖੁਲਾਸਾ ਕੀਤਾ ਕਿ ਸੋਮਵਾਰ ਨੂੰ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਨਾਲ ਕੀਤੀ ਗਈ ਦੋ ਟੂਕ ਮੀਟਿੰਗ ਵਿੱਚ ਇੱਕ ਵਾਰੀ ਫਿਰ ਫਾਰਮਾਕੇਅਰ ਬਿੱਲ ਬਾਰੇ ਐਨਡੀਪੀ ਦੇ ਪੱਖ ਨੂੰ ਸਪਸ਼ਟ ਕੀਤਾ ਗਿਆ।ਜਗਮੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਟਰੂਡੋ ਨੂੰ ਇਹ ਸਮਝਾ ਦਿੱਤਾ ਹੈ ਕਿ ਇਸ ਮੁੱਦੇ ਨੂੰ ਲੈ ਕੇ ਉਹ ਕਾਫੀ ਗੰਭੀਰ ਹਨ। ਇਸ ਮਾਮਲੇ ਵਿੱਚ ਹੋਰ ਰਿਆਇਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਪਹਿਲੀ ਮਾਰਚ ਤੱਕ ਦਾ ਨੋਟਿਸ ਹੀ ਦੇ ਦਿੱਤਾ ਗਿਆ ਹੈ ਕਿ ਜੇ ਇਸ ਪਾਸੇ ਸੰਜੀਦਗੀ ਨਾਲ ਕੰਮ ਨਹੀਂ ਕੀਤਾ ਜਾਂਦਾ ਤਾਂ ਇਸ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ।
ਜੂਨ 2025 ਤੱਕ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਪਾਰਲੀਆਮੈਂਟ ਵਿੱਚ ਸਥਿਰਤਾ ਮੁਹੱਈਆ ਕਰਵਾਉਣ ਲਈ ਦੋਵਾਂ ਪਾਰਟੀਆਂ ਵਿੱਚ ਹੋਏ ਸਮਝੌਤੇ ਦੀ ਇਹ ਪਹਿਲੀ ਤੇ ਮੁੱਖ ਸ਼ਰਤ ਸੀ ਕਿ ਨੈਸ਼ਨਲ ਡਰੱਗ ਪਲੈਨ ਲਈ ਫਰੇਮਵਰਕ ਤਿਆਰ ਕੀਤਾ ਜਾਵੇ। ਜਗਮੀਤ ਸਿੰਘ ਨੇ ਇਹ ਸੰਕੇਤ ਦਿੱਤਾ ਹੈ ਕਿ ਜੇ ਲਿਬਰਲ ਅਗਲੇ ਮਹੀਨੇ ਤੱਕ ਇਸ ਮਾਮਲੇ ਵਿੱਚ ਕੁੱਝ ਨਹੀਂ ਕਰਦੇ ਤਾਂ ਉਹ ਇਸ ਨੂੰ ਸਮਝੌਤੇ ਤੋਂ ਮੁਨਕਰ ਹੋਣਾ ਮੰਨਣਗੇ। ਉਨ੍ਹਾਂ ਇਹ ਵੀ ਸਾਫ ਕਰ ਦਿੱਤਾ ਹੈ ਕਿ ਇਸ ਮਾਮਲੇ ਵਿੱਚ ਹੋਰ ਦੇਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ।