* ਪਲਾਂਟ ਦੀ ਉਸਾਰੀ ਵੇਲੇ ਚੀਨੀ ਨਾਗਰਿਕਾਂ ਨੂੰ ਵੀਜ਼ਾ ਦਿੱਤਾ ਗਿਆ
ਮਾਨਸਾ, 18 ਮਈ (ਪੋਸਟ ਬਿਊਰੋ)- ਵੇਦਾਂਤਾ ਕੰਪਨੀ ਵੱਲੋਂ ਪਿੰਡ ਬਣਾਂਵਾਲਾ ਵਿੱਚ ਪ੍ਰਾਈਵੇਟ ਭਾਈਵਾਲੀ ਤਹਿਤ ਲਾਏ ਗਏ ਉਤਰੀ ਭਾਰਤ ਦੇ ਸਭ ਤੋਂ ਵੱਡੇ ਥਰਮਲ ਪਲਾਂਟ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ ਐਸ ਪੀ ਐਲ) ਵਿੱਚ ਕੱਲ੍ਹ ਸੀ ਬੀ ਆਈ ਦੀ ਟੀਮ ਨੇ ਛਾਪਾ ਮਾਰਿਆ, ਜਿਸ ਦੀ ਪੁਸ਼ਟੀ ਥਰਮਲ ਪਲਾਂਟ ਦੇ ਬੁਲਾਰੇ ਨੇ ਕੀਤੀ ਹੈ ਅਤੇ ਟੀਮ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਛਾਪੇ ਦਾ ਸਬੰਧ ਸੀਨੀਅਰ ਕਾਂਗਰਸੀ ਆਗੂ ਤੇ ਭਾਰਤ ਦੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਨਾਲ ਜੁੜਿਆ ਹੈ। ਪਤਾ ਲੱਗਾ ਹੈ ਕਿ ਸੀ ਬੀ ਆਈ ਨੇ ਕਾਰਤੀ ਚਿਦੰਬਰਮ ਦੇ ਖਿਲਾਫ ਕੇਸ ਦਰਜ ਕਰਨ ਪਿੱਛੋਂ ਉਨ੍ਹਾਂ ਦੇ ਜਿਹੜੇ ਟਿਕਾਣਿਆਂ ਉੱਤੇ ਛਾਪੇ ਮਾਰੇ ਹਨ, ਉਨ੍ਹਾਂ ਵਿੱਚ ਬਣਾਂਵਾਲਾ ਪਲਾਂਟ ਵਿੱਚ ਵੱਜਿਆ ਇਹ ਛਾਪਾ ਵੀ ਹੈ। ਦੇਰ ਸ਼ਾਮ ਤਕ ਇਹ ਛਾਪਾ ਜਾਰੀ ਰਿਹਾ ਤੇ ਮੀਡੀਆ ਸਮੇਤ ਹੋਰਾਂ ਨੂੰ ਥਰਮਲ ਪਲਾਂਟ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ, ਪਰ ਦੱਸਿਆ ਗਿਆ ਹੈ ਕਿ ਜਦੋਂ ਇਸ ਥਰਮਲ ਪਲਾਂਟ ਦੀ ਉਸਾਰੀ ਹੋ ਰਹੀ ਸੀ ਤਾਂ ਓਦੋਂ 263 ਚੀਨੀ ਨਾਗਰਿਕਾਂ ਨੂੰ ਵੀਜ਼ਾ ਦਿਵਾਉਣ ਲਈ ਪੰਜਾਹ ਲੱਖ ਰੁਪਏ ਰਿਸ਼ਵਤ ਲੈਣ ਦੇ ਕੇਸ ਦੀ ਚਰਚਾ ਚੱਲ ਰਹੀ ਸੀ। ਪਤਾ ਲੱਗਾ ਹੈ ਕਿ ਚੀਨੀ ਨਾਗਰਿਕਾਂ ਨੂੰ ਵੀਜ਼ਾ ਦਿਵਾਉਣ ਵਿੱਚ ਨਿਯਮਾਂ ਦੀ ਅਣਦੇਖੀ ਕੀਤੀ ਗਈ ਅਤੇ ਚੀਨੀ ਅਧਿਕਾਰੀਆਂ ਨੂੰ ਇਸ ਪਲਾਂਟ ਲਈ ਵੀਜ਼ਾ ਦਿੱਤਾ ਗਿਆ ਸੀ। ਇਸ ਦੀ ਉਸਾਰੀ ਚੀਨ ਦੀ ਇੱਕ ਕੰਪਨੀ ਨੇ ਕੀਤੀ ਸੀ।
ਦੱਸਿਆ ਗਿਆ ਹੈ ਕਿ 1980 ਮੈਗਾਵਾਟ ਦੇ ਇਸ ਥਰਮਲ ਪਲਾਂਟ ਦਾ ਕੰਮ ਜਦੋਂ ਚੀਨ ਦੀ ਕੰਪਨੀ ਕੋਲ ਗਿਆ ਤਾਂ ਇਸ ਦੀ ਉਸਾਰੀ ਵਿੱਚ ਦੇਰੀ ਹੋਣ ਲੱਗੀ ਅਤੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਮਾਨਸਾ ਦੇ ਇੱਕ ਵਿਅਕਤੀ ਵੱਲੋਂ ਚੁੱਪ-ਚੁਪੀਤੇ ਕੰਪਨੀ ਦਾ ਦਫਤਰ ਖੋਲ੍ਹਿਆ ਗਿਆ, ਜਿਸ ਦੇ ਚੇਨਈ ਸਮੇਤ ਕਈ ਸ਼ਹਿਰਾਂ ਦੇ ਵਪਾਰੀ ਵਰਗ ਨਾਲ ਸਬੰਧ ਸਨ। ਇਹ ਵੀ ਪਤਾ ਲੱਗਾ ਹੈ ਕਿ ਚੀਨੀ ਨਾਗਰਿਕਾਂ ਨੂੰ ਵੀਜ਼ੇ ਦਾ ਪ੍ਰਬੰਧ ਚੇਨਈ ਦੇ ਜਿਸ ਵਿਅਕਤੀ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਕੀਤਾ ਸੀ, ਉਸ ਦਾ ਸਬੰਧ ਮਾਨਸਾ ਵਿੱਚ ਕੰਪਨੀ ਚਲਾ ਰਹੇ ਵਿਅਕਤੀ ਨਾਲ ਸੀ। ਇਸ ਸਬੰਧੀ ਰਿਸ਼ਵਤ ਮਾਨਸਾ ਦੀ ਪ੍ਰਾਈਵੇਟ ਕੰਪਨੀ ਨੇ ਮੁੰਬਈ ਦੀ ਇੱਕ ਕੰਪਨੀ ਦੇ ਫਰਜ਼ੀ ਬਿੱਲਾਂ ਜ਼ਰੀਏ ਚੇਨਈ ਭੇਜੀ।