Welcome to Canadian Punjabi Post
Follow us on

17

May 2022
 
ਪੰਜਾਬ

ਈ ਡੀ ਦੇ ਛਾਪਿਆਂ ਦੇ ਡਰ ਕਾਰਨ ਦਰਿਆ ਸਤਲੁਜ ਵਿੱਚੋਂ ਮਾਈਨਿੰਗ ਠੱਪ

January 21, 2022 10:03 PM

ਚਮਕੌਰ ਸਾਹਿਬ, 21 ਜਨਵਰੀ (ਪੋਸਟ ਬਿਊਰੋ)- ਪੰਜਾਬ ਸਰਕਾਰ ਨਾਜਾਇਜ਼ ਮਾਈਨਿੰਗ ਦੇ ਦੋਸ਼ ਰੱਦ ਕਰਦੀ ਆਈ ਹੈ ਅਤੇ ਵਿਰੋਧੀ ਧਿਰਾਂ ਇਸ ਦਾਅਵੇ ਉੱਤੇ ਸਵਾਲ ਖੜ੍ਹੇ ਕਰਦੀਆਂ ਹਨ। ਕਸਬਾ ਬੇਲਾ ਨੇੜੇ ਦਰਿਆ ਸਤਲੁਜ ਵਿੱਚ ਚੱਲ ਰਿਹਾ ਮਾਈਨਿੰਗ ਦਾ ਕੰਮ ਹਮੇਸ਼ਾਂ ਤੋਂ ਚਰਚਾ ਵਿੱਚ ਹੈ। ਬੀਤੇ ਦਿਨੀਂ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਰੇਤ ਮਾਫੀਆ ਤੇ ਗੈਰ ਕਾਨੂੰਨੀ ਮਾਈਨਿੰਗ ਨਾਲ ਜੁੜੇ ਕੇਸਾਂ ਦੇ ਸਬੰਧ ਵਿੱਚ ਵੱਖ-ਵੱਖ ਥਾਈਂ ਉੱਤੇ ਛਾਪੇ ਮਾਰ ਕੇ ਕਰੋੜਾਂ ਰੁਪਏ ਜ਼ਬਤ ਕੀਤੇ ਗਏ ਸਨ, ਜਿਨ੍ਹਾਂ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦਾ ਨਾਂਅ ਆਉਣ ਉੱਤੇ ਦਰਿਆ ਸਤਲੁਜ ਵਿੱਚੋਂ ਨਾਜਾਇਜ਼ ਮਾਈਨਿੰਗ ਦਾ ਕੰਮ ਵੀ ਲਗਭਗ ਬੰਦ ਹੋ ਗਿਆ ਹੈ।
ਵਰਨਣ ਯੋਗ ਹੈ ਕਿ ਦਰਿਆ ਸਤਲੁਜ ਵਿੱਚ ਵੱਖ-ਵੱਖ ਥਾਂਈਂ ਡੀ-ਸਿਲਟਿੰਗ ਲਈ ਮਿਥੀ ਥਾਂ ਤੋਂ ਹਟ ਕੇ ਚਲਦੇ ਪਾਣੀ ਵਿੱਚ ਕਿਸ਼ਤੀਆਂ ਰਾਹੀਂ ਰੇਤ ਕੱਢੀ ਜਾਂਦੀ ਸੀ। ਇਸ ਧੰਦੇ ਨਾਲ ਜੁੜੇ ਲੋਕਾਂ ਦੇ ਘਰਾਂ ਅਤੇ ਦਫਤਰਾਂ ਵਿੱਚ ਪਏ ਈ ਡੀ ਦੇ ਛਾਪਿਆਂ ਦੇ ਡਰ ਕਾਰਨ ਮਾਈਨਿੰਗ ਦਾ ਕੰਮ ਅਚਾਨਕ ਬੰਦ ਹੋ ਗਿਆ ਹੈ।ਬੇਲਾ ਕਸਬੇ ਦੀ ਅਨਾਜ ਮੰਡੀ ਸਣੇ ਹੋਰ ਥਾਵਾਂ ਉੱਤੇ ਖਾਲੀ ਟਿੱਪਰਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹਨ, ਪਰ ਸਤਲੁਜ ਦਰਿਆ ਵਿੱਚ ਸੁੰਨ ਹੈ।
ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕੋਇੰਚਾਰਜ ਰਾਘਵ ਚੱਢਾ ਅਤੇ ਐਡਵੋਕੇਟ ਦਿਨੇਸ਼ ਚੱਢਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੈ ਦੇ ਚੋਣ ਹਲਕੇ ਵਿੱਚ ਹੁੰਦੀ ਨਾਜਾਇਜ਼ ਮਾਈਨਿੰਗ ਦਿਖਾਈ ਸੀ ਤੇ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚ ਹੁੰਦੀ ਮਾਈਨਿੰਗ ਉੱਤੇ ਵੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਸੀ ਕੀਤੀ। ਇਸ ਦੇ ਖਿਲਾਫ ਇਲਾਕੇ ਦੇ ਲੋਕਾਂ ਨੇ ਕਿਸਾਨ ਯੂਨੀਅਨਾਂ ਦੇ ਸਹਿਯੋਗ ਨਾਲ ਸੜਕਾਂ ਉੱਤੇ ਧਰਨੇ ਲਾ ਕੇ ਸਰਕਾਰ ਤੇ ਪ੍ਰਸ਼ਾਸਨ ਤੋਂ ਮਾਈਨਿੰਗ ਬੰਦ ਕਰਾਉਣ ਦੀ ਮੰਗ ਕੀਤੀ ਸੀ।ਤਾਜ਼ਾ ਸਥਿਤੀ ਬਾਰੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਉਮੀਦਵਾਰ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸ਼ਹਿ ਉੱਤੇ ਏਥੇ ਨਾਜਾਇਜ਼ ਮਾਈਨਿੰਗ ਜ਼ੋਰਾਂ ਉੱਤੇ ਚੱਲ ਰਹੀ ਸੀ, ਪਰ ਈ ਡੀ ਵੱਲੋਂ ਸ਼ਿਕੰਜਾ ਕੱਸਣ ਮਗਰੋਂ ਬੰਦ ਕਰ ਦਿੱਤੀ ਗਈ ਹੈ।

 
Have something to say? Post your comment