Your browser does not support iframes.
ਓਟਵਾ, 26 ਜਨਵਰੀ (ਪੋਸਟ ਬਿਊਰੋ) : ਕੰਜ਼ਰਵੇਟਿਵ ਸਰਕਾਰ ਬੁਢਾਪਾ ਪੈਨਸ਼ਨ ਲੈਣ ਦੀ ਉਮਰ 65 ਸਾਲ ਤੋਂ ਵਧਾ ਕੇ 67 ਸਾਲ ਕਰਨ ਬਾਰੇ ਵਿਚਾਰ ਕਰ ਰਹੀ ਹੈ। ਡੈਵੋਸ ਵਿੱਚ ਵਰਲਡ ਇਕਨਾਮਿਕ ਫੋਰਮ ਦੌਰਾਨ ਇੱਕਠ ਨੂੰ ਸੰਬੋਧਨ ਕਰਨ ਮੌਕੇ ਹਾਰਪਰ ਨੇ ਰਿਟਾਇਰਮੈਂਟ ਪੈਨਸ਼ਨਾਂ, ਵਾਤਾਵਰਣ ਸਬੰਧੀ ਮਨਜੂਰੀਆਂ ਤੇ ਇਮੀਗ੍ਰੇਸ਼ਨ ਨੀਤੀ ਵਿੱਚ ਸੁਧਾਰ ਕਰਨ ਦਾ ਵਾਅਦਾ ਕੀਤਾ। ਹਾਰਪਰ ਨੇ ਆਪਣੇ ਭਾਸ਼ਣ ਵਿੱਚ ਅਗਲੇ ਬਜਟ ਦੀ ਗੱਲ ਕਰਦਿਆਂ ਆਖਿਆ ਕਿ ਆਉਣ ਵਾਲੇ ਮਹੀਨਿਆਂ ਵਿੱਚ ਸਾਡੀ ਸਰਕਾਰ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕਈ ਵੱਡੀਆਂ ਤਬਦੀਲੀਆਂ ਕਰੇਗੀ। ਹਾਰਪਰ ਨੇ ਆਪਣੇ ਭਾਸ਼ਣ ਵਿੱਚ ਇਹ ਜਿ਼ਕਰ ਨਹੀਂ ਕੀਤਾ ਕਿ ਉਹ ਕਿਸ ਤਰ੍ਹਾਂ ਦੇ ਸੁਧਾਰਾਂ ਦੀ ਗੱਲ ਕਰ ਰਹੇ ਹਨ ਸਗੋਂ ਉਨ੍ਹਾਂ ਆਖਿਆ ਕਿ ਓਲਡ ਏਜ ਸਕਿਊਰਿਟੀ ਬੈਨੇਫਿਟ ਲਈ ਕੈਨੇਡਾ ਨੂੰ ਬਚਤਾਂ ਵਾਸਤੇ ਰਾਹ ਲੱਭਣ ਦੀ ਲੋੜ ਹੈ। ਕੈਨੇਡਾ ਦੀ ਉਮਰ ਦਰਾਜ਼ ਅਬਾਦੀ ਉੱਤੇ ਵਧੇਰੇ ਖਰਚਾ ਹੁੰਦਾ ਹੈ ਇਸ ਲਈ ਮੌਜੂਦਾ ਮਾਡਲ ਇਸ ਸਥਿਤੀ ਲਈ ਢੁਕਵਾਂ ਨਹੀਂ ਹੈ। ਹਾਰਪਰ ਨੇ ਆਖਿਆ ਕਿ ਇਸ ਤੋਂ ਇਲਾਵਾ ਜਨ-ਅੰਕਣ ਸਬੰਧੀ ਸਾਡੇ ਅੰਕੜਿਆਂ ਕਾਰਨ ਵੀ ਸੋਸ਼ਲ ਪ੍ਰੋਗਰਾਮ ਤੇ ਸੇਵਾਵਾਂ ਨੂੰ ਖਤਰਾ ਬਣਿਆ ਹੋਇਆ ਹੈ। ਹਾਰਪਰ ਨੇ ਆਖਿਆ ਕਿ ਕੈਨੇਡਾ ਦੇ ਪੈਨਸ਼ਨ ਪਲੈਨ ਨੂੰ ਬਦਲਣ ਦੀ ਹਾਲ ਦੀ ਘੜੀ ਕੋਈ ਲੋੜ ਨਹੀਂ ਹੈ ਕਿਉਂਕਿ ਇਸ ਲਈ ਪੂਰੇ ਫੰਡ ਮੌਜੂਦ ਹਨ। ਪਰ ਉਮਰਦਰਾਜ਼ ਹੋ ਰਹੀ ਅਬਾਦੀ ਕਾਰਨ ਓਏਐਸ ਦੀ ਲਾਗਤ ਵਧਣ ਦੀ ਸੰਭਾਵਨਾ ਹੈ। 2030 ਵਿੱਚ ਇਸ ਦੇ ਹਰ ਸਾਲ 108 ਬਿਲੀਅਨ ਡਾਲਰ ਤੱਕ ਅੱਪੜਨ ਦੀ ਸੰਭਾਵਨਾ ਹੈ ਜਦਕਿ 2010 ਵਿੱਚ ਇਹ 36 ਬਿਲੀਅਨ ਡਾਲਰ ਦੇ ਲੱਗਭਗ ਹੈ। ਅਜਿਹਾ ਇਸ ਲਈ ਵੀ ਹੈ ਕਿਉਂਕਿ 65 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਦੀ ਗਿਣਤੀ 2030 ਤੱਕ 9.3 ਮਿਲੀਅਨ ਹੋ ਜਾਵੇਗੀ ਜੋ ਕਿ 2010 ਵਿੱਚ 4.7 ਮਿਲੀਅਨ ਹੀ ਸੀ। ਦੂਜੇ ਪਾਸੇ ਓਟਵਾ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਐਨਡੀਪੀ ਐਮਪੀ ਪੀਟਰ ਜੂਲੀਅਨ ਨੇ ਆਖਿਆ ਕਿ ਰਿਟਾਇਰਮੈਂਟ ਦੀ ਉਮਰ ਵਧਾਉਣ ਦਾ ਫੈਸਲਾ ਸਵੀਕਾਰਨਯੋਗ ਨਹੀਂ ਹੈ। ਐਨਡੀਪੀ ਦਾ ਕਹਿਣਾ ਹੈ ਕਿ ਇਸ ਦੀ ਥਾਂ ਸੀਪੀਪੀ ਸਹਾਇਤਾ ਵਿੱਚ ਇਜਾਫਾ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਯੋਜਨਾ ਵਿੱਚ ਸਰਕਾਰ ਨੂੰ ਹੋਰ ਨਿਵੇਸ਼ ਕਰਨਾ ਚਾਹੀਦਾ ਹੈ। ...