Welcome to Canadian Punjabi Post
Follow us on

20

May 2024
ਬ੍ਰੈਕਿੰਗ ਖ਼ਬਰਾਂ :
 
ਟੋਰਾਂਟੋ/ਜੀਟੀਏ

ਭਾਰਤ ਵਿਚ ਜਮਹੂਰੀਅਤ ਬਚਾਉਣਾ ਸਮੇਂ ਦੀ ਲੋੜ

May 06, 2024 11:40 PM

-ਕਾਣੀ ਵੰਡ ਖ਼ਤਮ ਕਰਕੇ ਹੀ ਜਮਹੂਰੀਅਤ ਬਣ ਸਕਦੀ ਹੈ

ਬਰੈਂਪਟਨ, 6 ਮਈ (ਜਗੀਰ ਸਿੰਘ ਕਾਹਲੋਂ) -ਲੰਘੇ ਸ਼ਨੀਵਾਰ ਇੱਥੇ ਬਰੈਂਪਟਨ ਦੇ ‘ਵਿਸ਼ਵ ਪੰਜਾਬੀ ਭਵਨ’ ਵਿਚ ਇੱਕ ਵਿਚਾਰ-ਵਟਾਂਦਰੇ ਦਾ ਆਯੋਜਨ ਕੀਤਾ ਗਿਆ ਜਿਸ ਦਾ ਵਿਸ਼ਾ ‘ਭਾਰਤ ਵਿਚ ਜਮਹੂਰੀਅਤ ਨੂੰ ਬਚਾਉਣਾ’ ਸੀ। ਇਸ ਦਾ ਪ੍ਰਬੰਧ ‘ਇੰਡੀਆ ਅਲਾਇੰਸ’ ਦੇ ਦੋਸਤਾਂ ਤੇ ਹਮਦਰਦਾਂ ਵੱਲੋਂ ਕੀਤਾ ਗਿਆ ਅਤੇ ਇਸ ਦਾ ਸੱਦਾ ਆਮ ਆਦਮੀ ਪਾਰਟੀ ਦੇ ਜੀ.ਟੀ.ਏ. ਵਿਚ ਫ਼ਾਊਂਡਰ ਮੈਂਬਰ ਤੇ ਪਾਰਟੀ ਦੇ ਲਗਾਤਾਰ ਸਰਗ਼ਰਮ ਰਹੇ ਕਾਰਕੁੰਨ ਸੁਦੀਪ ਸਿੰਗਲਾ ਅਤੇ ਭਾਰਤ ਵਿਚ ਲੰਮਾਂ ਸਮਾਂ ਸੀ.ਪੀ.ਆਈ.(ਐੱਮ) ਦੇ ਕਾਰਕੁੰਨ, ਭਾਰਤ ਦੀ ਯੂਨੀਵਰਸਿਟੀ ਅਏ ਕਾਲਜ ਅਧਿਆਪਕ ਯੂਨੀਅਨ ਵਿਚ ਸਰਗ਼ਰਮ ਰਹੇ ਪੰਜਾਬੀ ਲੇਖਕ ਤੇ ਪਿਛਲੇ ਇਕ ਦਹਾਕੇ ਤੋਂ ਉੱਪਰ ਜੀ.ਟੀ.ਏ. ਵਿਚ ਸੋਸ਼ਲ ਵਰਕਰ ਵਜੋਂ ਵਿਚਰ ਰਹੇ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਦਿੱਤਾ ਗਿਆ ਸੀ।

  

ਮੰਚ-ਸੰਚਾਲਕ ਦੀ ਅਹਿਮ ਜ਼ਿੰਮੇਂਵਾਰੀ ਨਿਭਾਉਂਦਿਆਂ ਹੋਇਆਂ ਪ੍ਰੋ. ਕਾਹਲੋਂ ਨੇ ਇਸ ਵਿਚਾਰ-ਵਟਾਂਦਰੇ ਦੀ ਮਹੱਤਤਾ ਬਾਰੇ ਦੱਸਣ ਉਪਰੰਤ ‘ਪੰਜਾਬੀ ਥਿੰਕਰਜ਼ ਫੋਰਮ ਕੈਨੇਡਾ’ ਦੇ ਪ੍ਰਤੀਨਿਧ ਦੇਵ ਦੂਹੜੇ, ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਟਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ, ਸੁਦੀਪ ਸਿੰਗਲਾ, ਪੰਜਾਬੀ ਵਿਦਵਾਨ ਤੇ ਲੇਖਕ ਬਲਰਾਜ ਚੀਮਾ ਅਤੇ ਟਾਈਮਜ਼ ਆਫ਼ ਇੰਡੀਆ ਦੇ ਡੇਢ ਦਹਾਕਾ ਰਹੇ ਕਾਲਮ ਨਵੀਸ ਸੁਹਿਰਦ ਪੱਤਰਕਾਰ ਦੇਵਾਂਸ਼ੂ ਨਾਰੰਗ ਨੂੰ ਪ੍ਰਧਾਨਗੀ-ਮੰਡਲ ਵਿਚ ਸੁਸ਼ੋਭਿਤ ਹੋਣ ਲਈ ਬੇਨਤੀ ਕੀਤੀ।

ਪ੍ਰਧਾਨਗੀ-ਮੰਡਲ ਦੀ ਆਗਿਆ ਨਾਲ ਸੱਭ ਤੋਂ ਪਹਿਲਾਂ ਸਮਾਗ਼ਮ ਦੇ ਮੁੱਖ-ਬੁਲਾਰੇ ਦੇਵ-ਦੂਹੜੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਜਮਹੂਰੀਅਤ ਦੀ ਪ੍ਰੀਭਾਸ਼ਾ –“ਲੋਕਾਂ ਦੁਆਰਾ, ਲੋਕਾਂ ਦੀ ਅਤੇ ਲੋਕਾਂ ਵਾਸਤੇ”– ਦੀ ਵਿਆਖਿਆ ਨਾਲ ਕੀਤੀ ਅਤੇ ਭਾਰਤ ਵਿਚ ਜਮਹੂਰੀ ਸੰਸਥਾਵਾਂ ਦੇ ਪਤਨ ਦਾ ਬਾਖ਼ੂਬੀ ਜ਼ਿਕਰ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿਚ ਜਮਹੂਰੀਅਤ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ।

ਪ੍ਰੋ. ਇੰਦਰਦੀਪ ਨੇ ਐੱਸ.ਬੀ.ਆਈ.ਦੇ ‘ਚੋਣ ਬਾਂਡ ਘਪਲੇ’ ਸਬੰਧੀ ਵਿਸਥਾਰ ਦਿੰਦੇ ਹੋਏ ਕਿਹਾ ਕਿ ਜਿੱਥੇ ਇਸ ਭਾਂਤ ਦੇ ਵਿਸ਼ਵ ਦੇ ਸੱਭ ਵੱਡੇ ਘਪਲੇ ਰਾਜ ਕਰਦੀ ਪਾਰਟੀ ਵੱਲੋਂ ਕੀਤੇ ਜਾਣ, ਉੱਥੇ ਜਮਹੂਰੀਅਤ ਨਹੀਂ ਸਗੋਂ ਫ਼ਾਸ਼ੀਵਾਦ ਦੇ ਆਉਣ ਦਾ ਸੰਕੇਤ ਮਿਲਦਾ ਹੈ। ਜੇਕਰ ਅੱਜ ਭਾਰਤ ਵਿੱਚ ਜਮਹੂਰੀਅਤ ਦੀ ਰਾਖੀ ਨਹੀਂ ਕੀਤੀ ਜਾਂਦੀ ਤਾਂ ਇਸ ਸਮੇਂ ਦੇਸ਼ ਵਿਚ ਹੋਰ ਰਹੀਆਂ ਇਹ ਪਾਰਲੀਮੈਂਟ ਚੋਣਾਂ ਆਖ਼ਰੀ ਹੀ ਹੋ ਸਕਦੀਆਂ ਹਨ।

ਡਾ. ਬਲਜਿੰਦਰ ਸਿੰਘ ਸੇਖੋਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪਿਛਲੇ ਸਮੇਂ ਦੌਰਾਨ ਦੇਸ਼ ਵਿਚ 24134 ਲੋਕਾਂ ਉੱਤੇ ‘ਉਆਪਾ’ (ਯੂਏਪੀਏ) ਲਗਾਇਆ ਗਿਆ ਅਤੇ ਇਸ ਐਕਟ ਅਧੀਨ ਇਨ੍ਹਾਂ ਵਿੱਚੋਂ ਕੇਵਲ 112 ਨੂੰ ਹੀ ਦੋਸ਼ੀ ਪਾਇਆ ਗਿਆ ਜਿਸ ਦਾ ਅਰਥ ਹੈ ਕਿ ਬਾਕੀ ਦੇ 24022 ਲੋਕਾਂ ਨੂੰ ਨਾਜਾਇਜ਼ ਤੌਰ ‘ਤੇ ਹੀ ਜੇਲ੍ਹਾਂ ਵਿਚ ਬੰਦ ਕੀਤਾ ਗਿਆ। ਹੋਰ ਤਾਂ ਹੋਰ ਅੱਜਕੱਲ੍ਹ ਝਾੜਖੰਡ ਦੇ ਮੁੱਖ ਮੰਤਰੀ ਸੁਰੇਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਬਿਨਾਂ ਕਿਸੇ ਦੋਸ਼ ਤੋਂ ਨਜ਼ਰਬੰਦ ਕੀਤਾ ਹੋਇਆ ਹੈ ਜੋ ਜਮਹੂਰੀਅਤ ਉੱਪਰ ਸਿੱਧਾ ਹਮਲਾ ਹੈ।

ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਜਮਹੂਰੀਅਤ ਅੱਜਕੱਲ੍ਹ ਬੇਸ਼ਕ ਸਰਮਾਏਦਾਰੀ ਦੀ ਹੀ ਗੱਲ ਕਰ ਰਹੀ ਹੈ ਪਰ ਫਿਰ ਵੀ ਇਸ ਵਿਚ ਆਮ ਅਵਾਮ ਨੂੰ ਆਪਣੀ ਆਵਾਜ਼ ਚੁੱਕਣ ਦਾ ਹੱਕ ਹੁੰਦਾ ਹੈ ਜੋ ਕਿ ਭਾਰਤ ਵਿਚ ਹੁਣ ਖੋਹਿਆ ਜਾ ਰਿਹਾ ਹੈ। ਏ.ਪੀ.ਜੇ. ਇਨਸਟੀਚਿਊਟ ਆਫ਼ ਟੈਕਨਾਲੌਜੀ, ਗੁੜਗਾਓਂ ਦੇ ਸਾਬਕਾ ਪ੍ਰੋਫ਼ੈਸਰ ਸੁਭਾਸ਼ ਦੁੱਗਲ ਦਾ ਵਿਚਾਰ ਸੀ ਕਿ ਅਣਗਿਣਤ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤੀ ਗਈ ਜਮਹੂਰੀਅਤ ਨੂੰ ਬਚਾਉਣਾ ਅੱਜ ਹਰ ਭਾਰਤੀ ਦਾ ਮੁੱਢਲਾ ਫ਼ਰਜ਼ ਹੈ।

ਇਸ ਮੌਕੇ ਦੇਵਾਂਸ਼ੂ ਨਾਰੰਗ ਨੇ ਆਪਣੇ ਦਾਦਾ ਜੀ ਦਾ ਹਵਾਲਾ ਦਿੰਦਿਆਂ ਦੱਸਿਆਕਿ ਉਨ੍ਹਾਂ ਦੇ ਦਾਦਾ ਜੀ ਸਾਂਝੇ ਭਾਰਤ ਵੇਲੇ ਕਾਂਗਰਸ ਦੇ ਆਗੂ ਸਨ। ਉਹ 23 ਸਤੰਬਰ 1947 ਤੱਕ ਲਾਹੌਰ ਵਿਚ ਹਿੰਦੂ-ਮੁਸਲਿਮ ਦੰਗਿਆਂ ਦੇ ਵਿਰੁੱਧ ਡੱਟੇ ਰਹੇ ਅਤੇ ਅੰਤ ਆਪਣੇ ਪ੍ਰਾਣਾਂ ਦੀ ਆਹੂਤੀ ਦੇਗਏ। ਅੱਜ ਉਨ੍ਹਾਂ ਵਰਗਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਦਾ ਇੱਕੋ-ਇੱਕ ਤਰੀਕਾ ਹੈ ਕਿ ਭਾਰਤ ਵਿਚ ਜਮਹੂਰੀਅਤ ਦੀ ਰਾਖੀ ਕੀਤੀ ਜਾਵੇ। ਆਪਣੇ ਤਜਰਬੇ ਤੋਂ ਉਨ੍ਹਾਂ ਨੇ ਦੱਸਿਆ ਕਿ ਉਹ 15 ਸਾਲ ਟਾਈਮਜ਼ ਆਫ਼ ਇੰਡੀਆ ਦੇ ਕਾਲਮ-ਨਵੀਸ ਰਹੇ ਪਰ ਜਦੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਜਮਹੂਰੀਅਤ ਵਿਰੋਧੀ ਤੇ ਫ਼ਾਸ਼ੀਵਾਦੀ ਸਰਗ਼ਰਮੀਆਂ ਦੀ ਆਲੋਚਨਾ ਕਰਨੀ ਆਰੰਭ ਕੀਤੀ ਤਾਂ ਉਨ੍ਹਾਂ ਨੂੰ ਅਖ਼ਬਾਰ ਵਿਚ ਛਪਣਾ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭਾਰਤ ਵਿਚ ਨਾ ਹੀ‘ਹਿੰਦੂ ਰਾਜ’ ਤੇ ਨਾ ਹੀ ‘ਖਾਲਿਸਤਾਨ’ ਲੋਕਾਂ ਨੂੰ ਪ੍ਰਵਾਨ ਹੈ। ਭਾਰਤ ਇਕ ਜਮਹੂਰੀ ਅਤੇ ਸੈਕੂਲਰ ਦੇਸ਼ ਹੈ ਅਤੇ ਉੱਥੇ ਇਹ ਦੋਵੇਂ ਸੰਕਲਪ ਬਚਾਉਣੇ ਲਾਜ਼ਮੀ ਹਨ।ਹੋਰਨਾਂ ਬੁਲਾਰਿਆਂ ਵਿਚ ਪ੍ਰਿੰਸੀਪਲ ਕੁਲਵੰਤ ਸਿੰਘ, ਰੁਪਿੰਦਰ ਸਿੰਘ ਉੱਪਲ, ਮਹਿੰਦਰ ਸਿੰਘ ਮੋਹੀ, ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਬਰਾੜ ਅਤੇ ਸੁਖਚਰਨਜੀਤ ਕੌਰ ਗਿੱਲਸ਼ਾਮਲ ਸਨ।

ਪ੍ਰਧਾਨਗੀ-ਮੰਡਲ ਵੱਲੋਂ ਬੋਲਦੇ ਹੋਏ ਸੁਦੀਪ ਸਿੰਗਲਾ ਨੇ ਕਿਹਾ ਕਿ ਭਾਰਤ ਵਿਚ ਭਾਜਪਾ ਦਾ ਪਾਣੀ ਲਹਿ ਰਿਹਾ ਹੈ ਤੇ ਉਸ ਨੂੰ ਇਨ੍ਹਾਂ ਚੋਣਾਂ ਵਿਚ ਹਾਰ ਨਜ਼ਰ ਆ ਰਹੀ ਹੈ ਜਿਸ ਕਾਰਨ ਉਹ ਘਬਰਾਹਟ ਵਿਚ ਉਹ ਹਿੰਦੂ-ਮੁਸਲਿਮ ਦਾ ਵੰਡ-ਵਾਦੀ ਪੱਤਾ ਖੇਡ ਰਹੀ ਹੈ ਤੇ ਮੰਗਲ-ਸੂਤਰ ਲਾਹੁਣ ਵਰਗੀਆਂ ਭੜਕਾਊ ਤੇ ਫਜ਼ੂਲਗੱਲਾਂ ਕਰ ਰਹੀ ਹੈ। ਗੱਲਬਾਤ ਨੂੰ ਸਮੇਟਦਿਆਂ ਪ੍ਰਧਾਨਗੀ-ਵਿਚਾਰ ਪੇਸ਼ ਕਰਦੇ ਹੋਏ ਬਲਰਾਜ ਚੀਮਾ ਹੁਰਾਂ ਨੇ ਕਿਹਾ ਕਿ ਇਸ ਸਮਾਗ਼ਮ ਦੇ ਪਬੰਧਕਾਂ ਨੇ ਇਹ ਸਫ਼ਲ ਵਿਚਾਰ-ਵਟਾਂਦਰਾ ਆਯੋਜਿਤ ਕਰਕੇ ਜਮਹੂਰੀਅਤ ਪੱਖੀ ਵੱਡਾ ਕਾਰਜ ਕੀਤਾ ਹੈ। ਉਨ੍ਹਾਂ ਸਰੋਤਿਆਂ ਵੱਲੋਂ ਇਹ ਤਿੰਨ ਘੰਟੇ ਸਬਰ ਨਾਲ ਸੁਣਨ ਦੀ ਵੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਵਿਦੇਸ਼ਾਂ ਵਿਚ ਜਮਹੂਰੀਅਤ ਦੀ ਰਾਖੀ ਲਈ ਏਨੇ ਲੋਕ ਲਾਮਬੰਦ ਹੋ ਰਹੇ ਹਨ ਤਾਂਭਾਰਤ ਵਿਚ ਇਹ ਜਮਹੂਰੀਅਤ ਖ਼ਤਮ ਨਹੀਂ ਕੀਤੀ ਜਾ ਸਕਦੀ।

ਇਸ ਵਿਚਾਰ-ਵਟਾਂਦਰਾ ਸਮਾਗ਼ਮ ਵਿਚ ਪ੍ਰੋ. ਸਿਕੰਦਰ ਸਿੰਘ ਗਿੱਲ, ਪ੍ਰੀਤਮ ਸਿੰਘ ਸਰਾਂ, ਨੂਰ ਮੁਹੰਮਦ ਨੂਰ, ਬੇਗ਼ਮ ਨੂਰ, ਜਸਬੀਰ ਸਿੰਘ ਕਹਿਲ, ਪਰਮਜੀਤ ਕੌਰ ਲਹਿਲ, ਪ੍ਰਿੰਸੀਪਲ ਸ਼੍ਰੀਮਤੀ ਖੰਨਾ, ਦਲਬੀਰ ਕਥੂਰੀਆ, ਨਿਰਮਲ ਢੀਂਡਸਾ, ਅਮਨਜੀਤ ਸਿੰਘ ਵਿਰਕ, ਗੁਰਵੀਰ ਸਿੰਘ ਖਹਿਰਾ, ਪ੍ਰੋ. ਕਸ਼ਮੀਰ ਸਿੰਘ ਨਾਗੀ, ਹਰਜੀਤ ਸਿੰਘ ਗਿੱਲ, ਹੁਨਰ ਕਾਹਲੋਂ, ਸ਼੍ਰੀਮਤੀ ਨਾਗੀ, ਹਰਮਨ ਨਾਗੀ, ਨਿਰਮਲਾ ਕੁਮਾਰੀ, ਸਰਬਜੀਤ ਕੌਰ ਕਾਹਲੋਂ, ਵਿਦਿਆ ਦੇਵੀ, ਆਰੀਅਨ, ਅਮਨ ਸ਼ਰਮਨ, ਗਗਨ ਕੰਗ, ਅੰਮ੍ਰਿਤ ਲੂਥਰਾ, ਮਨਮੋਹਨ ਸਿੰਘ ਵਾਲੀਆ ਅਤੇ ਹੋਰ ਕਈ ਸ਼ਾਮਲ ਸਨ।

ਆਏ ਹੋਏ ਸਮੂਹ ਸਾਥੀਆਂ ਤੇ ਸਮੱਰਥਕਾਂ ਦਾ ਧੰਨਵਾਦ ਕਰਦੇ ਹੋਏ ਜੰਗੀਰ ਸਿੰਘ ਸੈਂਹਬੀ ਹੁਰਾਂ ਕਿਹਾ ਕਿ ਜਮਹੂਰੀਅਤ ਤਾਂ ਲੋਕ ਰਾਜ ਦੀ ਜਿੰਦ-ਜਾਨ ਅਰਥਾਤ ‘ਲਾਈਫ਼-ਲਾਈਨ’ ਹੈ ਅਤੇ ਇਹ ਹਰ ਹਾਲਤ ਵਿਚ ਕਾਇਮ ਰਹਿਣੀ ਚਾਹੀਦੀ ਹੈ। ਇਸ ਸਮਾਗ਼ਮ ਵਿੱਚ 60 ਤੋਂ ਉੱਪਰ ਲੋਕਾਂ ਵੱਲੋਂਸ਼ਮੂਲੀਅਤ ਕਰਨਾ ਤੇ ਫਿਰ ਤਿੰਨ ਘੰਟੇ ਤੋਂ ਵਧੀਕ ਪੂਰੀ ਤਵੱਜੋ ਨਾਲ ਬੁਲਾਰਿਆਂ ਨੂੰ ਸੁਣਨਾ ਇਸ ਸਮਾਗਮ ਦੀ ਸਫ਼ਲਤਾ ਦਾ ਸੂਚਕ ਹੈ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਵਿਦੇਸ਼ਾਂ ਵਿਚ ਰਹਿੰਦੇ ਹੋਏ ਭਾਰਤੀ ਆਪਣੇ ਦੇਸ਼ ਵਿਚ ਜਮਹੂਰੀਅਤ ਨੂੰ ਕਾਇਮ ਰੱਖਣ ਲਈ ਕਿੰਨੇ ਫ਼ਿਕਰਮੰਦ ਹਨ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਸ਼ਵਾ ਵਿੱਚ ਹਾਈਵੇਅ 401 ਹਾਦਸੇ ਵਿਚ 4 ਜ਼ਖਮੀ, ਹਸਪਤਾਲ `ਚ ਦਾਖਲ, ਜਾਂਚ ਜਾਰੀ ਸਕਾਰਬਰੋ ਵਿੱਚ ਘਰ ਦੇ ਬਾਹਰ ਝਗੜੇ ਦੌਰਾਨ ਵਿਅਕਤੀ ਦੇ ਮਾਰੀ ਗੋਲੀ ਉੱਤਰੀ ਓਂਟਾਰੀਓ ਮੱਛੀਆਂ ਫੜ੍ਹਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 10 ਦਿਨਾਂ ਲਈ ਭੇਜਿਆ ਜੇਲ੍ਹ ਫੋਰਡ ਨੇ ਟਰੂਡੋ ਨੂੰ ਡਰੱਗ ਉਪਭੋਗਤਾਵਾਂ ਲਈ ਨਵੀਆਂ ਨਵੀਆਂ ਸੁਰੱਖਿਅਤ ਸਪਲਾਈ ਸਾਈਟਾਂ ਬਾਰੇ ਪੱਤਰ ਲਿਖਿਆ ਟੋਰਾਂਟੋ ਹਵਾਈ ਅੱਡੇ 'ਤੇ 5 ਲੱਖ ਡਾਲਰ ਦੀ ਕੀਮਤ ਦੇ ਸਮੁੰਦਰ ਜੀਵ ਜ਼ਬਤ ਟਰਾਂਸਪੋਰਟ ਮੰਤਰੀ ਪ੍ਰਭਮੀਤ ਸਰਕਾਰੀਆ ਵੱਲੋਂ ਨਵੇਂ ਪ੍ਰਸਤਾਵਿਤ ਕਾਨੂੰਨ ਦਾ ਐਲਾਨ, ਨਸ਼ਾ ਕਰਕੇ ਵਾਹਨ ਚਲਾਉਣ ਵਾਲਿਆਂ ਨੂੰ ਲੱਗੇਗਾ ਸਖ਼ਤ ਜੁਰਮਾਨਾ ਪੈਰਾ ਟਰਾਂਸਪੋ ਡਰਾਈਵਰ `ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ ਟੋਰਾਂਟੋ ਦੇ ਮੇਅਰ ਓਲੀਵੀਆ ਚਾਉ ਵੱਲੋਂ ਇਜ਼ਰਾਈਲ ਦੇ ਰਾਸ਼ਟਰੀ ਦਿਵਸ ਸੰਬੰਧੀ ਸਿਟੀ ਹਾਲ ਸਮਾਰੋਹ ਵਿੱਚ ਸ਼ਾਮਿਲ ਨਾ ਹੋਣ ਦਾ ਫੈਸਲਾ ਕੋਵਿਡ-19 ਮਹਾਂਮਾਰੀ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਡਾਕਟਰ ਈਲੀਨ ਡੀ ਵਿਲਾ ਵੱਲੋਂ ਅਸਤੀਫ਼ੇ ਦਾ ਐਲਾਨ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ