ਪਣਜੀ, 19 ਜਨਵਰੀ (ਪੋਸਟ ਬਿਊਰੋ): ਉੱਤਰੀ ਗੋਆ ਵਿਚ ਪੈਰਾਗਲਾਈਡਿੰਗ ਕਰਦਿਆਂ ਖੱਡ ਵਿਚ ਡਿੱਗਣ ਕਰਕੇ ਮਹਿਲਾ ਸੈਲਾਨੀ (27) ਤੇ ਉਸ ਦੇ ਇੰਸਟਰੱਕਟਰ ਦੀ ਮੌਤ ਹੋ ਗਈ। ਹਾਦਸਾ ਸ਼ਨਿੱਚਰਵਾਰ ਸ਼ਾਮ ਨੂੰ ਕੇਰੀ ਪਿੰਡ ਵਿਚ ਹੋਇਆ। ਅਧਿਕਾਰੀ ਨੇ ਕਿਹਾ ਕਿ ਪੁਣੇ ਦੀ ਰਹਿਣ ਵਾਲੀ ਸ਼ਿਵਾਨੀ ਦਾਬਲੇ ਤੇ ਉਸ ਦੇ ਇੰਸਟਰੱਕਟਰ ਸੁਮਲ ਨੇਪਾਲੀ (26) ਦੀ ਸ਼ਾਮੀਂ ਪੰਜ ਵਜੇ ਦੇ ਕਰੀਬ ਖੱਡ ਵਿਚ ਡਿੱਗਣ ਕਰਕੇ ਮੌਤ ਹੋ ਗਈ।
ਅਧਿਕਾਰੀ ਨੇ ਕਿਹਾ ਕਿ ਦਾਬਲੇ ਨੇ ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੀ ਐਡਵੈਂਚਰ ਸਪੋਰਟਸ ਕੰਪਨੀ ਨਾਲ ਪੈਰਾਗਲਾਈਡਿੰਗ ਕਰਨ ਦੀ ਚੋਣ ਕੀਤੀ ਸੀ। ਸ਼ਿਕਾਇਤ ਮੁਤਾਬਕ ਇਨ੍ਹਾਂ ਦੋਵਾਂ ਨੇ ਜਿਵੇਂ ਹੀ ਇਕ ਚੋਟੀ ਤੋਂ ਉਡਾਨ ਭਰੀ ਉਨ੍ਹਾਂ ਦਾ ਪੈਰਾਗਲਾਈਡਰ ਇਕ ਖੱਡ ਵਿਚ ਡਿੱਗ ਗਿਆ ਤੇ ਦੋਨਾਂ ਦੀ ਉੱਥੇ ਹੀ ਮੌਤ ਹੋ ਗਈ। ਐਡਵੈਂਚਰ ਸਪੋਰਟਸ ਕੰਪਨੀ ਦੇ ਮਾਲਕ ਸ਼ੇਖਰ ਰਾਇਜ਼ਾਦਾ ਖਿਲਾਫ਼ ਮਨੁੱਖੀ ਜਾਨ ਖ਼ਤਰੇ ਵਿਚ ਪਾਉਣ ਲਈ ਭਾਰਤੀ ਨਿਆਂਏ ਸੰਹਿਤਾ ਦੀਆਂ ਧਾਰਾਵਾਂ ਤਹਿਤ ਮੈਂਡਰਮ ਪੁਲੀਸ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ।