ਮਾਸਕੋ, 27 ਨਵੰਬਰ (ਪੋਸਟ ਬਿਊਰੋ): ਰੂਸ ਨੇ ਮੰਗਲਵਾਰ ਨੂੰ ਇੱਕ ਬ੍ਰਿਟਿਸ਼ ਡਿਪਲੋਮੈਟ ਨੂੰ ਕੱਢ ਦਿੱਤਾ। ਰੂਸੀ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਰੂਸ ਦੇ ਵਿਦੇਸ਼ ਮੰਤਰਾਲੇ ਨੇ ਦੋਸ਼ ਲਗਾਇਆ ਹੈ ਕਿ ਬ੍ਰਿਟਿਸ਼ ਡਿਪਲੋਮੈਟ ਜਾਸੂਸੀ ਦੇ ਮਕਸਦ ਨਾਲ ਦੇਸ਼ ਆਇਆ ਸੀ ਅਤੇ ਉਸ ਨੇ ਆਪਣੇ ਬਾਰੇ ਗਲਤ ਜਾਣਕਾਰੀ ਦਿੱਤੀ ਸੀ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰੂਸੀ ਕਾਨੂੰਨ ਦੀ ਉਲੰਘਣਾ ਕਾਰਨ ਡਿਪਲੋਮੈਟ ਦੀ ਕੂਟਨੀਤਕ ਮਾਨਤਾ ਰੱਦ ਕਰ ਦਿੱਤੀ ਗਈ ਹੈ ਅਤੇ ਉਸ ਨੂੰ ਦੋ ਹਫ਼ਤਿਆਂ ਦੇ ਅੰਦਰ ਰੂਸ ਛੱਡਣ ਲਈ ਕਿਹਾ ਗਿਆ ਹੈ।
ਬ੍ਰਿਟਿਸ਼ ਵਿਦੇਸ਼ ਮੰਤਰਾਲੇ ਨੇ ਡਿਪਲੋਮੈਟ ਨੂੰ ਕੱਢਣ ਦੇ ਫੈਸਲੇ 'ਤੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੂਸ ਨੇ ਬ੍ਰਿਟਿਸ਼ ਕਰਮਚਾਰੀਆਂ 'ਤੇ ਬੇਬੁਨਿਆਦ ਦੋਸ਼ ਲਗਾਏ ਹਨ। ਉਹ ਸਹੀ ਸਮੇਂ 'ਤੇ ਜਵਾਬ ਦੇਣਗੇ।
ਫ੍ਰੈਂਚ ਅਖਬਾਰ ਲੇ ਮੋਂਡੇ ਦੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਬ੍ਰਿਟੇਨ ਅਤੇ ਫਰਾਂਸ ਯੂਕਰੇਨ 'ਚ ਫੌਜ ਭੇਜਣ 'ਤੇ ਵਿਚਾਰ ਕਰ ਰਹੇ ਹਨ। ਸੂਤਰਾਂ ਦੇ ਹਵਾਲੇ ਨਾਲ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਨਵੰਬਰ ਦੀ ਸ਼ੁਰੂਆਤ 'ਚ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਪੈਰਿਸ ਯਾਤਰਾ ਦੌਰਾਨ ਉਨ੍ਹਾਂ ਨੇ ਯੂਕਰੇਨ 'ਚ ਫੌਜਾਂ ਦੀ ਤਾਇਨਾਤੀ 'ਤੇ ਰਾਸ਼ਟਰਪਤੀ ਮੈਕਰੋਨ ਨਾਲ ਗੱਲਬਾਤ ਕੀਤੀ ਸੀ।
ਹਾਲਾਂਕਿ ਬ੍ਰਿਟਿਸ਼ ਸਰਕਾਰ ਨੇ ਇਸ ਦਾਅਵੇ ਨੂੰ 'ਝੂਠਾ' ਕਰਾਰ ਦਿੱਤਾ ਹੈ। ਬ੍ਰਿਟੇਨ ਦੇ ਰੱਖਿਆ ਮੰਤਰੀ ਡੇਵਿਡ ਲੈਮੀ ਨੇ ਕਿਹਾ ਕਿ ਉਹ ਯੂਕਰੇਨ ਦੀ ਹਮਾਇਤ ਜਾਰੀ ਰੱਖਣਗੇ ਪਰ ਉਥੇ ਫੌਜ ਭੇਜਣ ਦੀਆਂ ਖਬਰਾਂ ਵਿੱਚ ਕੋਈ ਸੱਚਾਈ ਨਹੀਂ ਹੈ।