ਤਲਅਵੀਵ, 27 ਨਵੰਬਰ (ਪੋਸਟ ਬਿਊਰੋ): ਬੁੱਧਵਾਰ ਨੂੰ ਲੇਬਨਾਨ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਸ਼ੁਰੂ ਹੋਣ ਦੇ ਕੁਝ ਘੰਟਿਆਂ ਬਾਅਦ, ਉੱਤਰੀ ਲੇਬਨਾਨ ਦੇ ਲੋਕ ਦੱਖਣੀ ਲੇਬਨਾਨ ਵੱਲ ਪਰਤਣੇ ਸ਼ੁਰੂ ਹੋ ਗਏ ਹਨ। 23 ਸਤੰਬਰ ਨੂੰ ਇਜ਼ਰਾਈਲ ਦੇ ਮਾਰੂ ਮਿਜ਼ਾਈਲ ਹਮਲੇ ਤੋਂ ਬਾਅਦ ਹਜ਼ਾਰਾਂ ਪਰਿਵਾਰਾਂ ਨੇ ਆਪਣੇ ਘਰ ਛੱਡ ਕੇ ਦੱਖਣੀ ਲੇਬਨਾਨ ਵਿੱਚ ਸ਼ਰਨ ਲਈ ਹੈ।
ਟਾਈਮਜ਼ ਆਫ ਇਜ਼ਰਾਈਲ ਦੇ ਮੁਤਾਬਕ, ਬੇਰੂਤ 'ਚ ਬੁੱਧਵਾਰ ਦੀ ਸਵੇਰ ਨੂੰ ਸੈਂਕੜੇ ਲੋਕਾਂ ਨੂੰ ਸਾਈਕਲਾਂ ਅਤੇ ਵਾਹਨਾਂ 'ਤੇ ਸਿਡੋਨ, ਗਾਜ਼ੀਹ ਅਤੇ ਟਾਇਰ ਸ਼ਹਿਰਾਂ 'ਚ ਪਰਤਦੇ ਦੇਖਿਆ ਗਿਆ। ਲੋਕ ਹਿਜ਼ਬੁੱਲਾ ਦੇ ਝੰਡੇ ਅਤੇ ਮਾਰੇ ਗਏ ਨੇਤਾ ਨਸਰੁੱਲਾ ਦੀਆਂ ਫੋਟੋਆਂ ਲੈ ਕੇ ਸ਼ਹਿਰ ਪਰਤ ਰਹੇ ਸਨ।
ਲੇਬਨਾਨੀ ਫੌਜ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਇਜ਼ਰਾਇਲੀ ਫੌਜਾਂ ਵਾਪਿਸ ਨਹੀਂ ਹਟਦੀਆਂ ਉਦੋਂ ਤੱਕ ਘਰ ਨਾ ਪਰਤਣ। ਫੌਜ ਨੇ ਲੋਕਾਂ ਨੂੰ ਉਨ੍ਹਾਂ ਇਲਾਕਿਆਂ 'ਚ ਜਾਣ ਤੋਂ ਬਚਣ ਲਈ ਕਿਹਾ ਹੈ ਜਿੱਥੇ ਅਜੇ ਵੀ ਇਜ਼ਰਾਇਲੀ ਬਲ ਮੌਜੂਦ ਹਨ।
ਇਸ ਤੋਂ ਪਹਿਲਾਂ ਇਜ਼ਰਾਇਲੀ ਫੌਜ ਨੇ ਵੀ ਸੁਰੱਖਿਆ ਕਾਰਨਾਂ ਕਰਕੇ ਲੇਬਨਾਨੀ ਨਾਗਰਿਕਾਂ ਨੂੰ ਘਰ ਨਾ ਪਰਤਣ ਦੀ ਸਲਾਹ ਦਿੱਤੀ ਸੀ। ਹਾਲਾਂਕਿ ਦੋਨਾਂ ਦੇਸ਼ਾਂ ਦੀਆਂ ਫੌਜਾਂ ਦੀ ਅਪੀਲ ਦੇ ਬਾਵਜੂਦ ਇਸ ਦਾ ਅਸਰ ਲੋਕਾਂ 'ਤੇ ਨਜ਼ਰ ਨਹੀਂ ਆ ਰਿਹਾ ਹੈ।
ਲੇਬਨਾਨ ਵਿੱਚ ਜੰਗਬੰਦੀ ਬਾਰੇ ਹਮਾਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਹ ਗਾਜ਼ਾ ਵਿੱਚ ਵੀ ਇਸ ਲਈ ਤਿਆਰ ਹਨ। ਨਿਊਜ਼ ਏਜੰਸੀ ਏਐੱਫਪੀ ਮੁਤਾਬਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਜੰਗਬੰਦੀ ਲਈ ਮਿਸਰ, ਤੁਰਕੀ ਅਤੇ ਕਤਰ ਨਾਲ ਗੱਲ ਕੀਤੀ ਹੈ। ਉਹ ਕੈਦੀਆਂ ਦੀ ਅਦਲਾ-ਬਦਲੀ ਲਈ ਤਿਆਰ ਹਨ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਜ਼ਰਾਈਲ ਚਾਹੁੰਦਾ ਤਾਂ ਜੰਗਬੰਦੀ ਪਹਿਲਾਂ ਵੀ ਹੋ ਸਕਦੀ ਸੀ।