ਅੰਮ੍ਰਿਤਸਰ, 25 ਨਵੰਬਰ (ਪੋਸਟ ਬਿਊਰੋ): ਆਪਣੀ ਪਤਨੀ ਦੇ ਕੈਂਸਰ ਦਾ ਇਲਾਜ ਨਿੰਮ-ਹਲਦੀ ਨਾਲ ਕਰਨ ਦੇ ਬਿਆਨ ਨੂੰ ਲੈ ਕੇ ਸੁਰਖੀਆਂ `ਚ ਆਏ ਨਵਜੋਤ ਸਿੰਘ ਸਿੱਧੂ ਆਪਣੇ ਬਿਆਨ ਬਦਲ ਲਏ ਹਨ। ਜਾਣਕਾਰੀ ਮੁਤਾਬਕ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਦਾ ਆਯੂਰਵੈਦਿਕ ਤਰੀਕਿਆਂ ਨਾਲ ਇਲਾਜ ਕਰਨ ਦੇ ਆਪਣੇ ਬਿਆਨ ਨੂੰ ਲੈ ਕੇ ਹੁਣ ਯੂ-ਟਰਨ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਦਾ ਇਲਾਜ ਸਿਖਰ ’ਤੇ ਹੈ।
ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਇੱਕ ਡਾਈਟ ਪਲਾਨ ਜਾਰੀ ਕੀਤਾ। ਸਿੱਧੂ ਨੇ ਦਾਅਵਾ ਕੀਤਾ ਕਿ ਇਸ ਡਾਈਟ ਪਲਾਨ ਰਾਹੀਂ ਉਨ੍ਹਾਂ ਨੇ ਆਪਣੀ ਪਤਨੀ ਨਵਜੋਤ ਕੌਰ ਦਾ ਕੈਂਸਰ ਦਾ ਇਲਾਜ ਕੀਤਾ ਹੈ। ਸਿੱਧੂ ਨੇ ਇਹ ਵੀ ਕਿਹਾ ਕਿ ਮੇਰੇ ਲਈ ਡਾਕਟਰ ਰੱਬ ਦਾ ਰੂਪ ਹਨ।
ਸਿੱਧੂ ਨੇ ਕਿਹਾ ਕਿ ਇਸ ਡਾਈਟ ਪਲਾਨ ਦੀ ਵਰਤੋਂ ਕਰਨ ਨਾਲ ਕੈਂਸਰ ਨਾਲ ਲੜਦੇ ਹੋਏ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਇਹ ਜੀਵਨ ਸ਼ੈਲੀ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਮਦਦਗਾਰ ਹੋ ਸਕਦਾ ਹੈ। ਡਾਈਟ ਬਣਾਉਣ ਵਿੱਚ ਮੇਰਾ ਕੋਈ ਯੋਗਦਾਨ ਨਹੀਂ ਹੈ। ਵੱਡੇ-ਵੱਡੇ ਡਾਕਟਰਾਂ ਦੀਆਂ ਖੋਜਾਂ ਸੰਭਾਲੀਆਂ ਹੋਈਆਂ ਹਨ। ਇਹ ਸਿਰਫ ਡਾਕਟਰਾਂ ਦੀ ਦੇਣ ਹੈ।
ਡਾਕਟਰ ਨਵਜੋਤ ਕੌਰ ਨੇ ਕਿਹਾ ਕਿ ਡਾਕਟਰ ਹੋਣ ਦੇ ਨਾਤੇ ਮੈਂ ਸੋਚਦੀ ਸੀ ਕਿ ਇਲਾਜ ਪਹਿਲਾਂ ਆਉਂਦਾ ਹੈ ਅਤੇ ਆਯੁਰਵੈਦ ਆਖਰੀ ਆਉਂਦਾ ਹੈ। ਉਨ੍ਹਾਂ ਨੇ ਸੋਚਿਆ ਕਿ ਮੈਂ ਬਿਮਾਰ ਹਾਂ ਅਤੇ ਮੈਨੂੰ ਕਈ ਤਰ੍ਹਾਂ ਦੀਆਂ ਚੀਜ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਸਮੇਂ ਬਾਅਦ ਮੈਨੂੰ ਚੰਗਾ ਮਹਿਸੂਸ ਹੋਣ ਲੱਗਾ। ਮੈਂ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਿੱਤੀਆਂ। ਮੇਰਾ ਭਾਰ ਘਟਣ ਲੱਗਾ। ਸਰੀਰ ਵਿੱਚ ਸੋਜ ਠੀਕ ਹੋਣ ਲੱਗੀ।
ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਨਾਲ ਅੰਮ੍ਰਿਤਸਰ ਦੌਰੇ `ਤੇ ਆਏ ਸਨ। ਉਨ੍ਹਾਂ ਨੇ ਇਸ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਉਨ੍ਹਾਂ ਨੇ ਕਿਹਾ ਕਿ ਡਾਕਟਰੀ ਇਲਾਜ ਪਹਿਲੀ ਚੀਜ਼ ਹੈ ਪਰ ਉਹ ਤੁਹਾਨੂੰ ਉਹ ਸਭ ਕੁਝ ਦੱਸਣਗੇ ਜੋ ਇਲਾਜ ਦੇ ਨਾਲ-ਨਾਲ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਉਨ੍ਹਾਂ ਨੂੰ ਕਾਫੀ ਪੈਸੇ ਮਿਲਦੇ ਹਨ ਪਰ ਉਹ ਇਕ ਪੈਸਾ ਵੀ ਨਹੀਂ ਲੈਣਗੇ।