ਲੁਧਿਆਣਾ, 25 ਨਵੰਬਰ (ਪੋਸਟ ਬਿਊਰੋ): ਰਾਏਕੋਟ ਦੇ ਪਿੰਡ ਬੁਰਜ ਨਲਕੀਆ ਦੇ ਇੱਕ ਨੌਜਵਾਨ ਦੀ ਮਨੀਲਾ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 26 ਸਾਲਾ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਨੌਜਵਾਨ 2017 ਵਿੱਚ ਵਿਦੇਸ਼ ਗਿਆ ਸੀ।
ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਿਤਾ ਜਗਰੂਪ ਸਿੰਘ ਨੇ ਦੱਸਿਆ ਕਿ ਉਹ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਜੋ 2017 ਵਿੱਚ ਆਪਣੀ ਜਿ਼ੰਦਗੀ ਨੂੰ ਬਿਹਤਰ ਬਣਾਉਣ ਲਈ ਮਨੀਲਾ ਚਲਾ ਗਿਆ। ਉੱਥੇ ਜਾਣ ਤੋਂ ਕੁਝ ਸਮੇਂ ਬਾਅਦ ਹੀ ਉਸ ਨੇ ਆਪਣਾ ਫਾਈਨਾਂਸ ਦਾ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਸ ਦੀ ਮਾਸੀ ਦੇ ਲੜਕੇ ਦਾ ਅੰਮ੍ਰਿਤਸਰ ਵਿਖੇ ਵਿਆਹ ਸੀ। ਜਿਸ ਨੂੰ ਉਸ ਦੇ ਲੜਕੇ ਨੇ ਸ਼ਾਮ 5 ਵਜੇ ਦੇ ਕਰੀਬ ਵੀਡੀਓ ਕਾਲ ਰਾਹੀਂ ਲਾਈਵ ਦੇਖਿਆ ਸੀ ਪਰ ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਫੋਨ ਕੀਤਾ ਗਿਆ ਤਾਂ ਉਸ ਨੇ ਫੋਨ ਨਹੀਂ ਚੁੱਕਿਆ।
ਇਸ ਤੋਂ ਬਾਅਦ ਉਹ ਦੋ ਦਿਨ ਤੱਕ ਉਸ ਨੂੰ ਫੋਨ ਕਰਦਾ ਰਿਹਾ ਪਰ ਜਦੋਂ ਉਸ ਨੇ ਫੋਨ ਨਹੀਂ ਚੁੱਕਿਆ ਤਾਂ ਆਸ-ਪਾਸ ਰਹਿੰਦੇ ਲੋਕਾਂ ਨੂੰ ਫੋਨ ਕਰਕੇ ਉਸ ਦਾ ਹਾਲ-ਚਾਲ ਜਾਣਨ ਦੀ ਕੋਸਿ਼ਸ਼ ਕੀਤੀ। ਗੁਆਂਢੀਆਂ ਨੇ ਜਦੋਂ ਉਸ ਦਾ ਕਮਰਾ ਖੋਲ੍ਹਿਆ ਤਾਂ ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਮ੍ਰਿਤਕ ਪਿਆ ਸੀ।
ਗੁਰਪ੍ਰੀਤ ਸਿੰਘ ਦੀ ਮੌਤ ਕਿਵੇਂ ਹੋਈ, ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮਨੀਲਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।