ਨਵੀਂ ਦਿੱਲੀ, 25 ਨਵੰਬਰ (ਪੋਸਟ ਬਿਊਰੋ): ਇੰਡੀਅਨ ਕੋਸਟ ਗਾਰਡ ਨੇ ਅੰਡੇਮਾਨ ਨੇੜੇ ਸਮੁੰਦਰ ਤੋਂ 5 ਟਨ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਰੱਖਿਆ ਅਧਿਕਾਰੀਆਂ ਨੇ ਸੋਮਵਾਰ ਸਵੇਰੇ ਦੱਸਿਆ ਕਿ ਇੰਡੀਅਨ ਕੋਸਟ ਗਾਰਡ ਨੇ ਪਹਿਲਾਂ ਕਦੇ ਵੀ ਇਨੀ ਵੱਡੀ ਖੇਪ ਨਹੀਂ ਫੜ੍ਹੀ ਸੀ। ਇਹ ਨਸ਼ੀਲੇ ਪਦਾਰਥ ਇੱਕ ਮੱਛੀ ਫੜ੍ਹਨ ਵਾਲੀ ਕਿਸ਼ਤੀ ਵਿੱਚੋਂ ਮਿਲੇ ਹਨ।
ਡਰੱਗ ਦੀ ਕਿਸਮ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਦੀ ਕੀਮਤ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਮਾਮਲੇ 'ਚ ਪੁੱਛਗਿੱਛ ਅਤੇ ਗ੍ਰਿਫਤਾਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਜਾਣਕਾਰੀ ਦਿੱਤੀ ਜਾਵੇਗੀ।
ਭਾਰਤੀ ਤੱਟ ਰੱਖਿਅਕ ਅਤੇ ਗੁਜਰਾਤ ਏਟੀਐੱਸ ਨੇ 15 ਨਵੰਬਰ ਨੂੰ ਗੁਜਰਾਤ ਦੇ ਪੋਰਬੰਦਰ ਤੱਟ ਤੋਂ 500 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਸਨ। ਇਸ ਦੀ ਕੀਮਤ 700 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਦਿੱਲੀ ਐੱਨਸੀਬੀ ਨੂੰ ਇਸ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਦਿੱਲੀ ਐੱਨਸੀਬੀ ਨੇ ਗੁਜਰਾਤ ਐੱਨਸੀਬੀ, ਕੋਸਟ ਗਾਰਡ ਅਤੇ ਨੇਵੀ ਦੀ ਮਦਦ ਨਾਲ ਇੱਕ ਕਿਸ਼ਤੀ ਫੜ੍ਹੀ ਜਿਸ ਵਿੱਚ ਨਸ਼ੀਲੇ ਪਦਾਰਥ ਲੁਕੋਏ ਹੋਏ ਸਨ।